ਨਵੀਂ ਦਿੱਲੀ, 11 ਅਕਤੂਬਰ
ਸੁਪਰੀਮ ਕੋਰਟ ’ਚ ਜੱਜਾਂ ਦੇ ਚਾਰ ਅਹੁਦੇ ਖਾਲੀ ਪਏ ਹਨ ਜਦਕਿ ਤਿੰਨ ਹਾਈ ਕੋਰਟ ਬਿਨਾਂ ਚੀਫ਼ ਜਸਟਿਸਾਂ ਦੇ ਕੰਮ ਚਲਾ ਰਹੇ ਹਨ। ਸਰਕਾਰੀ ਸੂਤਰਾਂ ਨੇ ਕਿਹਾ ਕਿ ਇਨ੍ਹਾਂ ਸਥਾਨਾਂ ਨੂੰ ਭਰਨ ਲਈ ਸੁਪਰੀਮ ਕੋਰਟ ਕੌਲਿਜੀਅਮ ਤੋਂ ਕਾਨੂੰਨ ਮੰਤਰਾਲੇ ਨੂੰ ਅਜੇ ਕੋਈ ਸਿਫ਼ਾਰਿਸ਼ ਨਹੀਂ ਮਿਲੀ ਹੈ। ਜਸਟਿਸ ਰੰਜਨ ਗੋਗੋਈ ਦੇ ਪਿਛਲੇ ਸਾਲ ਨਵੰਬਰ ’ਚ ਚੀਫ਼ ਜਸਟਿਸ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਮਗਰੋਂ ਸੁਪਰੀਮ ਕੋਰਟ ’ਚ ਪਹਿਲਾ ਅਹੁਦਾ ਖਾਲੀ ਹੋਇਆ ਸੀ। ਇਸ ਮਗਰੋਂ ਜਸਟਿਸ ਦੀਪਕ ਗੁਪਤਾ, ਆਰ ਭਾਨੂਮਤੀ ਅਤੇ ਅਰੁਣ ਮਿਸ਼ਰਾ ਦੀ ਸੇਵਾਮੁਕਤੀ ’ਤੇ ਤਿੰਨ ਹੋਰ ਅਹੁਦੇ ਖਾਲੀ ਹੋਏ ਸਨ। ਸੁਪਰੀਮ ਕੋਰਟ ’ਚ ਮਨਜ਼ੂਰਸ਼ੁਦਾ ਜੱਜਾਂ ਦੀ ਗਿਣਤੀ 34 ਹੈ ਪਰ ਇਸ ਸਮੇਂ ਊਹ 30 ਜੱਜਾਂ ਨਾਲ ਹੀ ਕੰਮ ਸਾਰ ਰਹੇ ਹਨ। ਗੁਹਾਟੀ, ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਦੇ ਹਾਈ ਕੋਰਟਾਂ ’ਚ ਨਿਯਮਤ ਚੀਫ਼ ਜਸਟਿਸ ਨਹੀਂ ਹਨ। ਇਨ੍ਹਾਂ ਹਾਈ ਕੋਰਟਾਂ ’ਚ ਕਾਰਜਕਾਰੀ ਚੀਫ਼ ਜਸਟਿਸਾਂ ਰਾਹੀਂ ਕੰਮ ਸਾਰਿਆ ਜਾ ਰਿਹਾ ਹੈ। ਸੁਪਰੀਮ ਕੋਰਟ ਅਤੇ 25 ਹਾਈ ਕੋਰਟਾਂ ’ਚ ਜੱਜਾਂ ਦੀ ਨਿਯੁਕਤੀ ਲਈ ਸੁਪਰੀਮ ਕੋਰਟ ਕੌਲਿਜੀਅਮ ਉਮੀਦਵਾਰਾਂ ਦੇ ਨਾਵਾਂ ਦੀ ਸਿਫ਼ਾਰਿਸ਼ ਸਰਕਾਰ ਨੂੰ ਕਰਦਾ ਹੈ। ਇਸ ’ਤੇ ਸਰਕਾਰ ਊਸ ਸਿਫ਼ਾਰਿਸ਼ ਨੂੰ ਮੰਨ ਲੈਂਦੀ ਹੈ ਜਾਂ ਵਿਚਾਰ ਲਈ ਤਜਵੀਜ਼ ਨੂੰ ਵਾਪਸ ਭੇਜ ਦਿੰਦੀ ਹੈ। ਪਹਿਲੀ ਅਕਤੂਬਰ ਤੱਕ 25 ਹਾਈ ਕੋਰਟਾਂ ’ਚ 404 ਅਹੁਦੇ ਖਾਲੀ ਸਨ ਜਿਨ੍ਹਾਂ ’ਚ ਸਭ ਤੋਂ ਜ਼ਿਆਦਾ 60 ਅਹੁਦੇ ਅਲਾਹਾਬਾਦ ਹਾਈ ਕੋਰਟ ’ਚ ਖਾਲੀ ਪਏ ਹਨ। -ਪੀਟੀਆਈ