ਦੀਮਾਪੁਰ, 10 ਜਨਵਰੀ
ਅਫਸਪਾ ਨੂੰ ਰੱਦ ਕਰਵਾਉਣ ਅਤੇ ਮੌਨ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਹੱਥੋਂ ਮਾਰੇ ਗਏ 14 ਨਾਗਰਿਕਾਂ ਨੂੰ ਇਨਸਾਫ਼ ਦਿਵਾਉਣ ਲਈ ਨਾਗਾਲੈਂਡ ਦੇ ਵਪਾਰਕ ਕੇਂਦਰ ਦੀਮਾਪੁਰ ਤੋਂ ਸੂਬਾਈ ਰਾਜਧਾਨੀ ਕੋਹਿਮਾ ਤੱਕ ਅੱਜ 70 ਕਿਲੋਮੀਟਰ ਲੰਮੀ ਵਾਕਥੌਨ ਸ਼ੁਰੂ ਕੀਤੀ ਗਈ। ਵੱਖ-ਵੱਖ ਖੇਤਰਾਂ ਦੇ ਸੈਂਕੜੇ ਨਾਗਾਲੈਂਡ ਵਾਸੀਆਂ ਨੇ ਇਸ ਦੋ ਰੋਜ਼ਾ ਵਾਕਥੌਨ ਵਿੱਚ ਹਿੱਸਾ ਲਿਆ। ਵਾਕਥੌਨ ਨੂੰ ਸੂਬੇ ਦੀਆਂ ਵੱਖ ਵੱਖ ਆਦਿਵਾਸੀ ਜਥੇਬੰਦੀਆਂ ਅਤੇ ਸਿਵਲ ਸੁਸਾਇਟੀਆਂ ਦਾ ਸਮਰਥਨ ਪ੍ਰਾਪਤ ਹੈ। ਵਾਕਥੌਨ ਦੇ ਕੋਆਰਡੀਨੇਟਰ ਰੁਕੇਵੈਜ਼ੋ ਵੈਟਸਾਹ ਨੇ ਕਿਹਾ ਕਿ ਹਥਿਆਰਬੰਦ ਬਲਾਂ ਨੂੰ ਵਿਸ਼ੇਸ਼ ਤਾਕਤਾਂ ਦਿੰਦੇ ਦਮਨਕਾਰੀ ਕਾਨੂੰਨ ‘ਅਫਸਪਾ’ ਖਿਲਾਫ਼ ਲੋਕਾਂ ਦੇ ਰੋਸ ਨੂੰ ਜ਼ਾਹਿਰ ਕਰਨ ਅਤੇ ਇਨਸਾਨੀਅਤ ਲਈ ਆਵਾਜ਼ ਚੁੱਕਣ ਲਈ ਸ਼ਾਂਤੀਪੂਰਨ, ਖ਼ਾਮੋਸ਼ ਅਤੇ ਜਮਹੂਰੀ ਤਰੀਕਾ ਅਪਣਾਇਆ ਗਿਆ।
ਵਾਕਥੌਨ ਦੀਮਾਪੁਰ ਦੇ ਸੁਪਰ ਮਾਰਕੀਟ ਖੇਤਰ ਤੋਂ ਸ਼ੁਰੂ ਹੋਈ। ਵਾਲੰਟੀਅਰਾਂ ਅਤੇ ਹਿੱਸਾ ਲੈਣ ਵਾਲਿਆਂ ਦੇ ਹੱਥਾਂ ਵਿੱਚ ਅਫਸਪਾ ਨੂੰ ਰੱਦ ਕਰਵਾਉਣ ਅਤੇ ਮੌਨ ਘਟਨਾ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਵੈਟਸਾਹ ਨੇ ਅਫਸੋਸ ਜ਼ਾਹਿਰ ਕੀਤਾ ਕਿ ਮੌਨ ਘਟਨਾ ਮਗਰੋਂ ਲੋਕਾਂ ਦੀ ਮੰਗ ਨੂੰ ਅਣਗੌਲਾ ਕਰਦਿਆਂ ਕੇਂਦਰ ਨੇ 30 ਦਸੰਬਰ ਨੂੰ ਅਫਸਪਾ ਛੇ ਮਹੀਨਿਆਂ ਲਈ ਹੋਰ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ਕੇਂਦਰ ਦੇ ਫ਼ੈਸਲੇ ਖ਼ਿਲਾਫ਼ ਰੋਸ ਜ਼ਾਹਿਰ ਕਰਨ ਲਈ ਇਕੱਠੇ ਹੋਏ ਹਨ। ਜ਼ਿਕਰਯੋਗ ਹੈ ਕਿ ਸੁਰੱਖਿਆ ਬਲਾਂ ਨੇ ਮੌਨ ਜ਼ਿਲ੍ਹੇ ਵਿੱਚ ਚਾਰ ਤੇ ਪੰਜ ਦਸੰਬਰ ਨੂੰ ਅਤਿਵਾਦੀਆਂ ਖ਼ਿਲਾਫ਼ ਮੁਹਿੰਮ ਚਲਾਉਂਦਿਆਂ 14 ਭਾਰਤੀ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਸੀ। ਇਸ ਖ਼ਿਲਾਫ਼ ਦੇਸ਼ ਭਰ ਵਿੱਚ ਰੋਸ ਦੀ ਲਹਿਰ ਦੌੜ ਗਈ ਸੀ ਅਤੇ ਅਫਸਪਾ ਨੂੰ ਰੱਦ ਕਰਨ ਦੀ ਮੰਗ ਨੇ ਮੁੜ ਜ਼ੋਰ ਫੜਿਆ ਸੀ।
ਵੈਟਸਾਹ ਨੇ ਕਿਹਾ ਕਿ ਸੂਬਾਈ ਸਰਕਾਰ ਤੇ ਪੁਲੀਸ ਸੂਬੇ ਵਿੱਚ ਕਾਨੂੰਨ ਤੇ ਨਿਆਂ ਵਿਵਸਥਾ ਦੀ ਰਾਖੀ ਕਰਨ ਦੇ ਸਮਰੱਥ ਹੈ, ਇਸ ਲਈ ਨਾਗਾਲੈਂਡ ਨੂੰ ਬਸਤੀਵਾਦੀ ਕਾਲ ਦੇ ਕਾਨੂੰਨ ‘ਅਫਸਪਾ’ ਦੀ ਕੋਈ ਲੋੜ ਨਹੀਂ ਹੈ। -ਪੀਟੀਆਈ