ਨਵੀਂ ਦਿੱਲੀ: ਐੱਨਸੀਬੀ ਮੁੰਬਈ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਅੱਜ ਅਨੁਸੂਚਿਤ ਜਾਤਾਂ ਬਾਰੇ ਕੌਮੀ ਕਮਿਸ਼ਨ ਦੇ ਚੇਅਰਪਰਸਨ ਵਿਜੈ ਸਾਂਪਲਾ ਨਾਲ ਮੁਲਾਕਾਤ ਕਰਕੇ ਆਪਣੇ ਬਾਰੇ ਸਾਰੇ ਦਸਤਾਵੇਜ਼ ਅਤੇ ਤੱਥ ਪੇਸ਼ ਕੀਤੇ ਹਨ। ਵਾਨਖੇੜੇ ਨੇ ਇਸ ਤੋਂ ਪਹਿਲਾਂ ਸਾਂਪਲਾ ਨੂੰ ਆਪਣੀ ਜਾਤ ਸਬੰਧੀ ਅਸਲ ਦਸਤਾਵੇਜ਼ ਸੌਂਪੇ ਸਨ। ਇਸ ਦੌਰਾਨ ਉਨ੍ਹਾਂ ਐੱਨਸੀਬੀ ਦੇ ਇਥੇ ਹੈੱਡਕੁਆਰਟਰ ’ਚ ਸੀਨੀਅਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਹੈ। ਸਾਂਪਲਾ ਨਾਲ ਮੀਟਿੰਗ ਮਗਰੋਂ ਵਾਨਖੇੜੇ ਨੇ ਪੱਤਰਕਾਰਾਂ ਨੂੰ ਦੱਸਿਆ,‘‘ਮੈਂ ਕਮਿਸ਼ਨ ਵੱਲੋਂ ਮੰਗੇ ਗਏ ਸਾਰੇ ਦਸਤਾਵੇਜ਼ ਅਤੇ ਤੱਥ ਪੇਸ਼ ਕੀਤੇ ਹਨ। ਮੇਰੇ ਖ਼ਿਲਾਫ਼ ਹੋਈ ਸ਼ਿਕਾਇਤ ਦੀ ਤਸਦੀਕ ਕੀਤੀ ਜਾਵੇਗੀ ਅਤੇ ਅਤੇ ਮਾਣਯੋਗ ਚੇਅਰਪਰਸਨ ਛੇਤੀ ਹੀ ਜਵਾਬ ਦੇਣਗੇ।’’ ਐੱਸਸੀ ਕੋਟੇ ਤਹਿਤ ਆਈਆਰਐੱਸ ਅਫ਼ਸਰ ਵਜੋਂ ਫਰਜ਼ੀ ਜਾਤ ਸਰਟੀਫਿਕੇਟ ਦੇ ਕੇ ਨੌਕਰੀ ਲੈਣ ਦੇ ਲੱਗੇ ਦੋਸ਼ਾਂ ਮਗਰੋਂ ਵਾਨਖੇੜੇ ਨੇ ਸਾਂਪਲਾ ਨੂੰ ਜਾਤ ਦੇ ਆਪਣੇ ਅਸਲ ਦਸਤਾਵੇਜ਼ ਸੌਂਪੇ ਹਨ। ਉਧਰ ਅਧਿਕਾਰੀਆਂ ਨੇ ਕਿਹਾ ਕਿ ਵਾਨਖੇੜੇ ਕਿਸੇ ‘ਸਰਕਾਰੀ ਕੰਮ’ ਲਈ ਐੱਨਸੀਬੀ ਹੈੱਡਕੁਆਰਟਰ ਆਏ ਸਨ। ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਨੇ ਐੱਨਸੀਬੀ ਦੇ ਡਾਇਰੈਕਟਰ ਜਨਰਲ ਐੱਸ ਐੱਨ ਪ੍ਰਧਾਨ ਜਾਂ ਡਿਪਟੀ ਡਾਇਰੈਕਟਰ ਜਨਰਲ (ਉੱਤਰੀ ਖ਼ਿੱਤੇ) ਗਿਆਨੇਸ਼ਵਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਹੈ ਜਾਂ ਨਹੀਂ। ਵਾਨਖੇੜੇ ਨੇ 26 ਅਕਤੂਬਰ ਨੂੰ ਵੀ ਐੱਨਸੀਬੀ ਹੈੱਡਕੁਆਰਟਰ ਦਾ ਦੌਰਾ ਕੀਤਾ ਸੀ। ਕਰੂਜ਼ ਡਰੱਗਜ਼ ਕੇਸ ’ਚ ਇਕ ਗਵਾਹ ਪ੍ਰਭਾਕਰ ਸੇਲ ਨੇ ਦਾਅਵਾ ਕੀਤਾ ਹੈ ਕਿ ਐੱਨਸੀਬੀ ਦੇ ਕੁਝ ਅਧਿਕਾਰੀਆਂ ਨੇ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਨੂੰ ਰਿਹਾਅ ਕਰਨ ਦੇ ਬਦਲੇ ’ਚ 25 ਕਰੋੜ ਰੁਪਏ ਵਸੂਲਣ ਦੀ ਕੋਸ਼ਿਸ਼ ਕੀਤੀ ਸੀ। ਉਂਜ ਮੁੰਬਈ ਐੱਨਸੀਬੀ ਮੁਖੀ ਨੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਵਾਨਖੇੜੇ ਅਤੇ ਮੁੰਬਈ ਜ਼ੋਨ ਦੇ ਕੁਝ ਅਧਿਕਾਰੀਆਂ ਦੇ ਬਿਆਨ ਪੰਜ ਮੈਂਬਰੀ ਵਿਜੀਲੈਂਸ ਟੀਮ ਵੱਲੋਂ ਪਹਿਲਾਂ ਹੀ ਕਲਮਬੰਦ ਕੀਤੇ ਜਾ ਚੁੱਕੇ ਹਨ। -ਪੀਟੀਆਈ