ਨਵੀਂ ਦਿੱਲੀ, 1 ਨਵੰਬਰ
ਫ਼ਰਜ਼ੀ ਦਸਤਾਵੇਜ਼ ਦੇਣ ਸਬੰਧੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਨਾਰਕੋਟਿਕ ਕੰਟਰੋਲ ਬਿਊਰੋ ਦੀ ਮੁੰਬਈ ਖੇਤਰ ਦੀ ਇਕਾਈ ਦੇ ਡਾਇਰੈਕਟਰ ਸਮੀਰ ਵਾਨਖੇੜੇ ਵੱਲੋਂ ਅੱਜ ਇੱਥੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ (ਐੱਨਸੀਐੱਸਸੀ) ਦੇ ਚੇਅਰਮੈਨ ਵਿਜੈ ਸਾਂਪਲਾ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਖੁ਼ਦ ਨੂੰ ਦਲਿਤ ਸਾਬਿਤ ਕਰਨ ਲਈ ਆਪਣਾ ਅਸਲੀ ਜਾਤੀ ਪ੍ਰਮਾਣ ਪੱਤਰ ਸ੍ਰੀ ਸਾਂਪਲਾ ਨੂੰ ਸੌਂਪਿਆ। ਵਾਨਖੇੜੇ ਜੋ ਕਿ ਸ਼ਾਹਰੁਖ ਖਾਨ ਦੇ ਪੁੱਤਰ ਦੀ ਸ਼ਮੂਲੀਅਤ ਵਾਲੇ ਕਰੂਜ਼ ਡਰੱਗ ਮਾਮਲੇ ਦੀ ਜਾਂਚ ਦੀ ਅਗਵਾਈ ਕਰ ਰਹੇ ਹਨ, ਨਾਲ ਹੋਈ ਮੀਟਿੰਗ ਤੋਂ ਬਾਅਦ ਸ੍ਰੀ ਸਾਂਪਲਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਨ੍ਹਾਂ ਸਬੂਤਾਂ ਤੇ ਦਸਤਾਵੇਜ਼ਾਂ ਨੂੰ ਮਹਾਰਾਸ਼ਟਰ ਸਰਕਾਰ ਕੋਲੋਂ ਤਸਦੀਕ ਕਰਵਾਇਆ ਜਾਵੇਗਾ ਅਤੇ ਜੇਕਰ ਇਹ ਜਾਇਜ਼ ਪਾਏ ਜਾਂਦੇ ਹਨ ਤਾਂ ਵਾਨਖੇੜੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਵਾਨਖੇੜੇ ਨੇ ਕਮਿਸ਼ਨ ਨੂੰ ਪਹਿਲੀ ਪਤਨੀ ਤੋਂ ਲਏ ਤਲਾਕ ਸਬੰਧੀ ਦਸਤਾਵੇਜ਼, ਜਨਮ ਪ੍ਰਮਾਣ ਪੱਤਰ ਅਤੇ ਹੋਰ ਸਬੰਧਤ ਦਸਤਾਵੇਜ਼ ਵੀ ਸੌਂਪੇ। -ਪੀਟੀਆਈ