ਸੇਨਾਪਤੀ (ਮਨੀਪੁਰ), 15 ਜਨਵਰੀ
ਭਾਰਤ ਜੋੜੋ ਨਿਆਏ ਯਾਤਰਾ ਦੇ ਦੂਜੇ ਦਿਨ ਅੱਜ ਲੋਕਾਂ ਨਾਲ ਰਾਬਤਾ ਕਾਇਮ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਮਨੀਪੁਰ ਦੇ ਲੋਕਾਂ ਨਾਲ ਖੜ੍ਹੀ ਹੈ ਅਤੇ ਉਹ ਸੂਬੇ ਨੂੰ ਮੁੜ ਸ਼ਾਂਤ ਤੇ ਖੁਸ਼ਹਾਲ ਬਣਾਉਣਾ ਚਾਹੁੰਦੀ ਹੈ।
ਉਚੇਚੇ ਤੌਰ ’ਤੇ ਤਿਆਰ ਕੀਤੀ ਗਈ ਵੋਲਵੋ ਬੱਸ ’ਚ ਅੱਜ ਸਵੇਰੇ ਯਾਤਰਾ ਦਾ ਆਗਾਜ਼ ਹੋਇਆ ਅਤੇ ਰਾਹੁਲ ਗਾਂਧੀ ਕੁਝ ਦੂਰ ਪੈਦਲ ਵੀ ਚੱਲੇ ਜਿਸ ਦੌਰਾਨ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਯਾਤਰਾ ਦੇ ਰੂਟ ’ਤੇ ਔਰਤਾਂ ਅਤੇ ਬੱਚਿਆਂ ਸਣੇ ਕਈ ਲੋਕ ਰਾਹੁਲ ਦੇ ਸਵਾਗਤ ਲਈ ਖੜ੍ਹੇ ਸਨ ਅਤੇ ਜਿਵੇਂ ਹੀ ਬੱਸ ਰੁਝੇਵਿਆਂ ਵਾਲੇ ਕਈ ਇਲਾਕਿਆਂ ’ਚ ਪੁੱਜੀ ਤਾਂ ਲੋਕਾਂ ਨੇ ਨਾਅਰੇ ਵੀ ਲਗਾਏ। ਸੇਨਾਪਤੀ ’ਚ ਬੱਸ ਦੀ ਛੱਤ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘‘ਕਾਂਗਰਸ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਯਾਤਰਾ ਕੱਢੀ ਸੀ ਤਾਂ ਜੋ ਦੇਸ਼ ਦੇ ਲੋਕਾਂ ਨੂੰ ਇਕਜੁੱਟ ਕੀਤਾ ਜਾ ਸਕੇ। ਇਹ ਯਾਤਰਾ ਸਫ਼ਲ ਰਹੀ ਸੀ ਅਤੇ ਅਸੀਂ ਚਾਰ ਹਜ਼ਾਰ ਕਿਲੋਮੀਟਰ ਤੋਂ ਵਧ ਦਾ ਸਫ਼ਰ ਤੈਅ ਕੀਤਾ ਸੀ। ਅਸੀਂ ਪੂਰਬ ਤੋਂ ਪੱਛਮ ਵੱਲ ਇਕ ਹੋਰ ਕੱਢਣਾ ਚਾਹੁੰਦੇ ਸੀ ਅਤੇ ਅਸੀਂ ਫ਼ੈਸਲਾ ਲਿਆ ਕਿ ਇਹ ਯਾਤਰਾ ਮਨੀਪੁਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਤਾਂ ਜੋ ਦੇਸ਼ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਮਨੀਪੁਰ ਦੇ ਲੋਕਾਂ ਕੀ ਕੁਝ ਸਹਿਣਾ ਪਿਆ ਹੈ ਅਤੇ ਉਹ ਕਿਹੜੇ ਦਰਦ ’ਚੋਂ ਗੁਜ਼ਰੇ ਹਨ।’’ ਰਾਹੁਲ ਨੇ ਕਿਹਾ ਕਿ ਉਹ ਸੂਬੇ ਦੇ ਵਫ਼ਦਾਂ ਨਾਲ ਗੱਲਬਾਤ ਕਰਕੇ ਮਨੀਪੁਰ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣ ਰਹੇ ਹਨ। ਉਨ੍ਹਾਂ ਆਸ ਜਤਾਈ ਕਿ ਛੇਤੀ ਹੀ ਮਨੀਪੁਰ ’ਚ ਸ਼ਾਂਤੀ ਹੋਵੇਗੀ। ਯਾਤਰਾ ਰਾਤ ਨੂੰ ਅਗਲੇ ਪੜਾਅ ਲਈ ਨਾਗਾਲੈਂਡ ਪਹੁੰਚ ਗਈ ਹੈ।
ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਮਨੀਪੁਰ ਨੂੰ ਸੰਵੇਦਨਸ਼ੀਲ, ਪਾਰਦਰਸ਼ੀ, ਜਵਾਬਦੇਹ ਅਤੇ ਮਜ਼ਬੂਤ ਸਰਕਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਈ ਸਮਾਜਿਕ ਜਥੇਬੰਦੀਆਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਅਪੀਲ ਕੀਤੀ ਹੈ ਕਿ ਕਾਂਗਰਸ ਸੰਸਦ ਦੇ ਆਉਂਦੇ ਬਜਟ ਇਜਲਾਸ ਦੌਰਾਨ ਇਹ ਮੰਗ ਉਠਾਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਿੰਸਾਗ੍ਰਸਤ ਸੂਬੇ ਦਾ ਦੌਰਾ ਕਰਨ। ਭਾਜਪਾ ਦੀ ਅਗਵਾਈ ਹੇਠਲੀ ਮਨੀਪੁਰ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੇ ਦੋ ਮੰਤਰੀ ‘ਲਾਪਤਾ’ ਹਨ ਅਤੇ ਉਹ ‘ਆਨਲਾਈਨ’ ਕੰਮ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨਾਲ ਮੁਲਾਕਾਤ ਨਹੀਂ ਕੀਤੀ ਅਤੇ ਜਨਮ ਦਿਨ ਦੀ ਸਿਰਫ਼ ਉਸ ਨੂੰ ਡਿਜੀਟਲੀ ਵਧਾਈ ਦਿੱਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਆਗੂ ਕਨ੍ਹੱਈਆ ਕੁਮਾਰ ਨੇ ਕਿਹਾ ਕਿ ਯਾਤਰਾ ਦਾ ਸਾਰ ਸਿਰਫ਼ ਦੋ ਸਤਰਾਂ ’ਚ ਹੈ,‘‘ਜਬ ਦੇਸ਼ ਮੇਂ ਬਹਿ ਰਹੀ ਹੋ ਅਨਿਆਏ ਕੀ ਆਂਧੀ ਤਬ ਨਿਆਏ ਕੇ ਲੀਏ ਲੜ ਰਹੇ ਹੈਂ ਰਾਹੁਲ ਗਾਂਧੀ।’’ ਉਨ੍ਹਾਂ ਕਿਹਾ ਕਿ ਮਨੀਪੁਰ ’ਚ ਵੰਡੀਆਂ ਸਪੱਸ਼ਟ ਨਜ਼ਰ ਆ ਰਹੀਆਂ ਹਨ ਕਿਉਂਕਿ ਇੰਫਾਲ ਦੇ ਡਰਾਈਵਰ ਕਾਂਗਪੋਕਪੀ ਅਤੇ ਉਥੋਂ ਦੇ ਡਰਾਈਵਰ ਇੰਫਾਲ ਨਹੀਂ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਨਿਆਂ ਦੀ ਹਨੇਰੀ ਝੁਲਦੀ ਨਜ਼ਰ ਆ ਰਹੀ ਹੈ ਕਿਉਂਕਿ ਅਦਾਰਿਆਂ ’ਤੇ ਕਬਜ਼ਾ ਕੀਤਾ ਜਾ ਰਿਹਾ ਹੈ। -ਪੀਟੀਆਈ