ਨਵੀਂ ਦਿੱਲੀ, 5 ਨਵੰਬਰ
ਵਕਫ (ਸੋਧ) ਬਿੱਲ ’ਤੇ ਵਿਚਾਰ ਕਰ ਰਹੀ ਸੰਸਦ ਦੀ ਸਾਂਝੀ ਕਮੇਟੀ ’ਚ ਸ਼ਾਮਲ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅੱਜ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕਰਕੇ ਕਮੇਟੀ ਦੇ ਪ੍ਰਧਾਨ ਤੇ ਭਾਜਪਾ ਦੇ ਸੰਸਦ ਮੈਂਬਰ ਜਗਦੰਬਿਕਾ ਪਾਲ ਵੱਲੋਂ ਕਥਿਤ ਤੌਰ ’ਤੇ ਲਏ ਜਾ ਰਹੇ ਇੱਕਪਾਸੜ ਫ਼ੈਸਲਿਆਂ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਵਾਇਆ। ਵਿਰੋਧੀ ਧਿਰ ਦੇ ਮੈਂਬਰਾਂ ਨੇ ਅੱਜ ਜਗਦੰਬਿਕਾ ਪਾਲ ’ਤੇ ਇੱਕਪਾਸੜ ਫ਼ੈਸਲੇ ਕਰਨ ਤੇ ਪੂਰੀ ਪ੍ਰਕਿਰਿਆ ਨੂੰ ਢਾਹ ਲਾਹੁਣ ਦਾ ਦੋਸ਼ ਲਾਇਆ ਅਤੇ ਇਸ ਕਮੇਟੀ ਤੋਂ ਖੁਦ ਨੂੰ ਵੱਖ ਕਰਨ ਦਾ ਸੰਕੇਤ ਦਿੱਤਾ।
ਇਕ ਸੂਤਰ ਅਨੁਸਾਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਉਮੀਦ ਜ਼ਾਹਿਰ ਕੀਤੀ ਕਿ ਬਿਰਲਾ ਕਮੇਟੀ ਦੀਆਂ ਮੀਟਿੰਗਾਂ ਦੇ ਸਿਲਸਿਲੇ ਨੂੰ ਘਟਾਉਣ ਲਈ ਕਦਮ ਉਠਾਉਣਗੇ ਤਾਂ ਜੋ ਮੈਂਬਰਾਂ ਨੂੰ ਮੀਟਿੰਗਾਂ ਦੀ ਤਿਆਰੀ ਕਰਨ ਤੇ ਪੇਸ਼ ਕੀਤੇ ਗਏ ਤੱਥਾਂ ਦਾ ਅਧਿਐਨ ਕਰਨ ਦੀ ਇਜਾਜ਼ਤ ਮਿਲ ਸਕੇ। ਇਕ ਮੈਂਬਰ ਨੇ ਕਿਹਾ ਕਿ ਕਮੇਟੀ ਦੀਆਂ ਹੁਣ ਇੱਕ ਪੰਦਰਵਾੜੇ ’ਚ ਇੱਕ ਜਾਂ ਦੋ ਮੀਟਿੰਗਾਂ ਹੋ ਸਕਦੀਆਂ ਹਨ। ਮੀਟਿੰਗ ਮਗਰੋਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਕਿਹਾ ਕਿ ਲੋਕ ਸਭਾ ਸਪੀਕਰ ਨੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ ਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਫ਼ੈਸਲਾ ਲੈਣ ਦਾ ਭਰੋਸਾ ਦਿੱਤਾ।
ਟੀਐੱਮਸੀ ਦੇ ਸੰਸਦ ਮੈਂਬਰ ਤੇ ਕਮੇਟੀ ਮੈਂਬਰ ਕਲਿਆਣ ਬੈਨਰਜੀ ਨੇ ਕਿਹਾ, ‘ਇਹ ਬਹੁਤ ਚੰਗੀ ਚਰਚਾ ਸੀ। ਉਨ੍ਹਾਂ ਸਾਡੇ ਪ੍ਰਤੀ ਸਦਭਾਵਨਾ ਵਾਲਾ ਰਵੱਈਆ ਦਿਖਾਇਆ। ਲੋਕ ਸਭਾ ਸਪੀਕਰ ਨੇ ਬਹੁਤ ਧਿਆਨ ਨਾਲ ਸਾਡੀ ਗੱਲ ਸੁਣੀ ਤੇ ਕਿਹਾ ਕਿ ਉਹ ਇਹ ਮਾਮਲਾ ਦੇਖਣਗੇ।’ ‘ਆਪ’ ਦੇ ਸੰਜੈ ਸਿੰਘ ਤੇ ਡੀਐੱਮਕੇ ਦੇ ਏ ਰਾਜਾ ਨੇ ਵੀ ਇਹੀ ਗੱਲ ਕਹੀ। ਸੰਸਦ ਮੈਂਬਰਾਂ ਨੇ ਸਪੀਕਰ ਨੂੰ ਇੱਕ ਯਾਦ ਪੱਤਰ ਵੀ ਸੌਂਪਿਆ। -ਪੀਟੀਆਈ