ਨਵੀਂ ਦਿੱਲੀ:
ਲੋਕ ਸਭਾ ਮੈਂਬਰ ਤੇ ਸੀਨੀਅਰ ਭਾਜਪਾ ਆਗੂ ਜਗਦੰਬਿਕਾ ਪਾਲ ਨੂੰ ਵਿਵਾਦਿਤ ਵਕਫ਼ (ਸੋਧ) ਬਿੱਲ ਦੀ ਪੜਚੋਲ ਕਰਨ ਵਾਲੀ ਸੰਸਦ ਦੀ ਸਾਂਝੀ ਕਮੇਟੀ ਦਾ ਚੇਅਰਪਰਸਨ ਨਾਮਜ਼ਦ ਕੀਤਾ ਗਿਆ ਹੈ। ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਕਿ ਸਪੀਕਰ ਓਮ ਬਿਰਲਾ ਨੇ ਪਾਲ ਨੂੰ 31 ਮੈਂਬਰੀ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਹੈ। ਵਿਰੋਧੀ ਧਿਰਾਂ ਵੱਲੋਂ ਲੋਕ ਸਭਾ ਵਿਚ ਵਕਫ਼ ਸੋਧ ਬਿੱਲ ਵਿਚਲੀਆਂ ਕੁਝ ਵਿਵਸਥਾਵਾਂ ਦਾ ਵਿਰੋਧ ਕੀਤੇ ਜਾਣ ਮਗਰੋਂ ਸਰਕਾਰ ਨੇ ਇਹ ਬਿੱਲ ਦੋਵਾਂ ਸਦਨਾਂ ਦੀ ਸਾਂਝੀ ਕਮੇਟੀ ਹਵਾਲੇ ਕਰਨ ਦਾ ਫੈਸਲਾ ਕੀਤਾ ਸੀ। ਇਸ ਸਾਂਝੀ ਕਮੇਟੀ ਵਿਚ 31 ਮੈਂਬਰ ਹੋਣਗੇ, ਜਿਨ੍ਹਾਂ ਵਿਚੋਂ 21 ਲੋਕ ਸਭਾ ਤੇ 10 ਰਾਜ ਸਭਾ ਵਿਚੋਂ ਹੋਣਗੇ ਤੇ ਕਮੇਟੀ ਅਗਲੇ ਸੰਸਦੀ ਇਜਲਾਸ ਤੱਕ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗੀ। ਉੱਤਰ ਪ੍ਰਦੇਸ਼ ਤੋਂ ਚਾਰ ਵਾਰ ਸੰਸਦ ਮੈਂਬਰ ਚੁਣੇ ਗਏ ਜਗਦੰਬਿਕਾ ਪਾਲ ਅਜਿਹੇ ਕਾਨੂੰਨਸਾਜ਼ ਹਨ, ਜਿਨ੍ਹਾਂ ਦੇ ਲਗਪਗ ਸਾਰੀਆਂ ਪਾਰਟੀਆਂ ਨਾਲ ਨਿੱਘੇ ਸਬੰਧ ਹਨ। ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ ਕਿਰਨ ਰਿਜਿਜੂ ਨੇ ਸਾਂਝੀ ਸੰਸਦੀ ਕਮੇਟੀ ਬਣਾਉਣ ਸਬੰਧੀ ਇਕ ਮਤਾ ਪਿਛਲੇ ਹਫ਼ਤੇ ਸੰਸਦ ਦੇ ਦੋਵਾਂ ਸਦਨਾਂ ਵਿਚ ਰੱਖਿਆ ਗਿਆ ਸੀ। ਹੇਠਲੇ ਸਦਨ ਵਿਚ 12 ਮੈਂਬਰ ਐੱਨਡੀਏ (8 ਭਾਜਪਾ ਦੇ) ਤੇ 9 ਵਿਰੋਧੀ ਧਿਰਾਂ ਦੇ ਹਨ ਜਦੋਂਕਿ ਉਪਰਲੇ ਸਦਨ ਵਿਚ ਚਾਰ ਭਾਜਪਾ ’ਚੋਂ, ਚਾਰ ਵਿਰੋਧੀ ਧਿਰਾਂ ’ਚੋਂ, ਵਾਈਐੱਸਆਰਸੀਪੀ ਦਾ ਇਕ ਤੇ ਇਕ ਨਾਮਜ਼ਦ ਮੈਂਬਰ ਸ਼ਾਮਲ ਹਨ। -ਪੀਟੀਆਈ