ਨਵੀਂ ਦਿੱਲੀ, 28 ਨਵੰਬਰ
ਕੋਵਿਡ-19 ਦੀ ਨਵੇ ਸਰੂਪ ਤੋਂ ਪੈਦਾ ਹੋਏ ਖਤਰੇ ਨੂੰ ਦੇਖਦਿਆਂ ਕੇਂਦਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਨੂੰ ਚੌਕਸ ਕਰਦਿਆਂ ਕੰਟੇਨਮੈਂਟ ਜ਼ੋਨਾਂ, ਸਰਗਰਮ ਨਿਗਰਾਨੀ, ਟੈਸਟਿੰਗ, ਹੌਟ ਸਪੌਟ ਦੀ ਨਿਗਰਾਨੀ, ਟੀਕਾਕਰਨ ਵਧਾਉਣ ਤੇ ਸਿਹਤ ਢਾਂਚੇ ਦੀ ਮਜ਼ਬੂਤੀ ਵੱਲ ਧਿਆਨ ਦੇਣ ਲਈ ਕਿਹਾ ਹੈ। ਸੱਜਰੇ ਦਿਸ਼ਾ-ਨਿਰਦੇਸ਼ਾਂ ਵਿੱਚ ਸਿਹਤ ਮੰਤਰਾਲੇ ਨੇ ਕੌਮਾਂਤਰੀ ਯਾਤਰੀਆਂ ਲਈ ਪਿਛਲੇ 14 ਦਿਨਾਂ ਦੀ ਯਾਤਰਾ ਹਿਸਟਰੀ ਸਾਂਝੀ ਕਰਨੀ ਲਾਜ਼ਮੀ ਕਰ ਦਿੱਤੀ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਨਵੀਆਂ ਸੇਧਾਂ ਮੁਤਾਬਕ ਯੂਕੇ, ਦੱਖਣੀ ਅਫ਼ਰੀਕਾ, ਹਾਂਗ ਕਾਂਗ ਤੇ ਹੋਰਨਾਂ ਜੋਖ਼ਮ ਵਾਲੇ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਆਨਲਾਈਨ ਏਅਰ ਸੁਵਿਧਾ ਪੋਰਟਲ ’ਤੇ ਫਾਰਮ ਭਰ ਕੇ ਪਿਛਲੇ 14 ਦਿਨਾਂ ਦੀ ਯਾਤਰਾ ਹਿਸਟਰੀ ਵਿਖਾਉਣੀ ਹੋਵੇਗੀ। ਯਾਤਰਾ ਤੋਂ ਪਹਿਲਾਂ 72 ਘੰਟੇ ਪੁਰਾਣੀ ਆਰਸੀ-ਪੀਸੀਆਰ ਨੈਗੇਟਿਵ ਰਿਪੋਰਟ ਵੀ ਨਾਲ ਟੈਗ ਕਰਨੀ ਹੋਵੇਗੀ। ਉਧਰ ਰਾਜਾਂ ਤੇ ਯੂਟੀਜ਼ ਨੂੰ ਮਾਪਦੰਡਾਂ ਦੀ ਸੂਚੀ ਜਾਰੀ ਕਰਦਿਆਂ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਕੌਮਾਂਤਰੀ ਮੁਸਾਫ਼ਰਾਂ ਦੀ ਨਿਗਰਾਨੀ, ਸੈਂਪਲ ਇਕੱਠੇ ਕਰਨ ਤੇ ਇਸ ਫਿਕਰਮੰਦੀ ਵਾਲੇ ਵਾਇਰਸ ਨਾਲ ਨਜਿੱਠਣ ਲਈ ਪ੍ਰਭਾਵੀ ਪਹੁੰਚ ਨੂੰ ਸਖਤੀ ਨਾਲ ਲਾਗੂ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁਲਕਾਂ ’ਚ ਵਾਇਰਸ ਦੀ ਇਹ ਨਵੀਂ ਕਿਸਮ ਮਿਲੀ ਹੈ, ਸਰਕਾਰ ਨੇ ਉਨ੍ਹਾਂ ਮੁਲਕਾਂ ਨੂੰ ਪਹਿਲਾਂ ਹੀ ‘ਜੋਖਮ’ ਵਾਲੇ ਵਰਗ ’ਚ ਸ਼ਾਮਲ ਕਰ ਦਿੱਤਾ ਹੈ ਤੇ ਉਨ੍ਹਾਂ ਮੁਲਕਾਂ ਤੋਂ ਭਾਰਤ ਆਉਣ ਵਾਲੇ ਕੌਮਾਂਤਰੀ ਮੁਸਾਫ਼ਰਾਂ ਲਈ ਵਾਧੂ ਮਾਪਦੰਡ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ, ‘ਇਸ ਫਿਕਰਮੰਦੀ ਵਾਲੇ ਵਾਇਰਸ ਕਾਰਨ ਪੈਦਾ ਹੋਏ ਸੰਭਾਵੀ ਖਤਰੇ ਨੂੰ ਦੇਖਦਿਆਂ ਹਰ ਖੇਤਰ ’ਚ ਸਖਤ ਕੰਟੇਨਮੈਂਟ, ਸਰਗਰਮ ਨਿਗਰਾਨੀ, ਟੀਕਾਕਰਨ ਵਧਾਉਣ ਤੇ ਕਰੋਨਾ ਨਾਲ ਨਜਿੱਠਣ ਸਬੰਧੀ ਢੁੱਕਵੇਂ ਮਾਪਦੰਡ ਅਪਣਾਉਣ ਦੀ ਲੋੜ ਹੈ।’ ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਵੱਖ ਵੱਖ ਮੁਲਕਾਂ ਤੋਂ ਆਉਣ ਵਾਲੇ ਕੌਮਾਂਤਰੀ ਮੁਸਾਫ਼ਰਾਂ ਦੀ ਨਿਗਰਾਨੀ ਲਈ ਰੋਗ ਨਿਗਰਾਨ ਨੈਟਵਰਕ ਸਰਗਰਮ ਹੋਵੇ। ਮੁਸਾਫਰਾਂ ਦੀ ਟੈਸਟਿੰਗ ਵੱਡੇ ਪੱਧਰ ’ਤੇ ਹੋਵੇ ਤੇ ਸਾਰੇ ਪਾਜ਼ੇਟਿਵ ਸੈਂਪਲ ਜਾਂਚ ਲਈ ਇਨਸਾਕੋਗ ਲੈਬਾਰਟਰੀਆਂ ’ਚ ਭੇਜੇ ਜਾਣ। ਉਨ੍ਹਾਂ ਕਿਹਾ ਕਿ ਰਾਜਾਂ ਨੂੰ ਕਰੋਨਾ ਟੈਸਟਿੰਗ ਦਾ ਢਾਂਚਾ ਮਜ਼ਬੂਤ ਕਰਨਾ ਚਾਹੀਦਾ ਹੈ ਤੇ ਟੈਸਟਿੰਗ ਸਬੰਧੀ ਦਿਸ਼ਾ ਨਿਰਦੇਸ਼ ਸਖਤੀ ਨਾਲ ਲਾਗੂ ਕਰਨੇ ਚਾਹੀਦੇ ਹਨ। -ਪੀਟੀਆਈ
ਓਮੀਕਰੋਨ ਖ਼ਿਲਾਫ਼ ਟੀਕਿਆਂ ਦੇ ਅਸਰ ਦੇ ਅਧਿਐਨ ਦੀ ਲੋੜ: ਡਾ. ਗੁਲੇਰੀਆ
ਨਵੀਂ ਦਿੱਲੀ: ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਸ) ਦੇ ਮੁਖੀ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਨਵੇਂ ਓਮੀਕਰੋਨ ਸਰੂਪ ਦੇ ਸਪਾਈਕ ਪ੍ਰੋਟੀਨ ਖੇਤਰ ’ਚ 30 ਤੋਂ ਵੱਧ ਤਬਦੀਲੀਆਂ ਮਿਲੀਆਂ ਹਨ ਜਿਸ ਨਾਲ ਇਸ ਨੂੰ ਬਿਮਾਰੀਆਂ ਨਾਲ ਲੜਨ ਵਾਲੇ ਸਿਸਟਮ ਤੋਂ ਬਚਣ ਦੀ ਸਮਰਥਾ ਵਿਕਸਿਤ ਕਰਨ ’ਚ ਮਦਦ ਮਿਲ ਸਕਦੀ ਹੈ ਅਤੇ ਇਸ ਲਈ ਇਸ ਖ਼ਿਲਾਫ਼ ਟੀਕਿਆਂ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਗੰਭੀਰਤਾ ਨਾਲ ਕਰਨ ਦੀ ਲੋੜ ਹੈ। ਸਪਾਈਕ ਪ੍ਰੋਟੀਨ ਦੀ ਮੌਜੂਦਗੀ ਪੋਸ਼ਕ ਕੋਸ਼ਿਕਾ ’ਚ ਵਾਇਰਸ ਦਾ ਦਾਖਲਾ ਸੌਖਾ ਬਣਾਉਂਦੀ ਹੈ ਅਤੇ ਇਹ ਇਸ ਨੂੰ ਫੈਲਣ ਦੇਣ ਤੇ ਲਾਗ ਪੈਦਾ ਕਰਨ ਲਈ ਜ਼ਿੰਮੇਵਾਰ ਹੈ। ਏਮਸ ਦੇ ਡਾਇਰੈਕਟਰ ਡਾ. ਗੁਲੇਰੀਆ ਨੇ ਦੱਸਿਆ, ‘ਕਰੋਨਾ ਵਾਇਰਸ ਦੇ ਨਵੇਂ ਸਰੂਪ ’ਚ ਸਪਾਈਕ ਪ੍ਰੋਟੀਨ ਖੇਤਰ ’ਚ ਕਥਿਤ ਤੌਰ ’ਤੇ 30 ਤੋਂ ਵੱਧ ਤਬਦੀਲੀਆਂ ਹੋਈਆਂ ਹਨ ਤੇ ਇਸ ਲਈ ਇਸ ਦੇ ਬਿਮਾਰੀਆਂ ਨਾਲ ਲੜਨ ਵਾਲੇ ਸਿਸਟਮ ਤੋਂ ਬਚ ਨਿਕਲਣ ਦੀ ਸਮਰੱਥਾ ਵਿਕਸਿਤ ਕਰਨ ਦੀ ਸੰਭਾਵਨਾ ਹੈ। ਜ਼ਿਆਦਾਤਰ ਟੀਕੇ ਸਪਾਈਕ ਪ੍ਰੋਟੀਨ ਖ਼ਿਲਾਫ਼ ਐਂਡੀਬਾਡੀ ਬਣਾ ਕੇ ਕੰਮ ਕਰਦੇ ਹਨ। ਇਸ ਲਈ ਸਪਾਈਕ ਪ੍ਰੋਟੀਨ ਖੇਤਰ ’ਚ ਇੰਨੀਆਂ ਤਬਦੀਲੀਆਂ ਹੋਣ ਨਾਲ ਕੋਵਿਡ-19 ਟੀਕਿਆਂ ਦਾ ਅਸਰ ਘੱਟ ਹੋ ਸਕਦਾ ਹੈ।’ ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ’ਚ ਭਾਰਤ ’ਚ ਵਰਤੇ ਜਾ ਰਹੇ ਟੀਕਿਆਂ ਸਮੇਤ ਹੋਰਨਾਂ ਟੀਕਿਆਂ ਦੇ ਪ੍ਰਭਾਵ ਦਾ ਗੰਭੀਰ ਮੁਲਾਂਕਣ ਕੀਤੇ ਜਾਣ ਦੀ ਲੋੜ ਹੈ। -ਪੀਟੀਆਈ
ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੇ ਫ਼ੈਸਲੇ ਦੀ ਸਮੀਖਿਆ ਕਰੇਗੀ ਭਾਰਤ ਸਰਕਾਰ
ਨਵੀਂ ਦਿੱਲੀ: ਸਰਕਾਰ ਨੇ ਕਰੋਨਾ ਵਾਇਰਸ ਦੇ ਨਵੇਂ ਸਰੂਪ ‘ਓਮੀਕਰੋਨ’ ਦੇ ਸਾਹਮਣੇ ਆਉਣ ਦੇ ਮੱਦੇਨਜ਼ਰ ਕਾਰੋਬਾਰੀ ਕੌਮਾਂਤਰੀ ਮੁਸਾਫਰ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਫ਼ੈਸਲੇ ਅਤੇ ਆਉਣ ਵਾਲੇ ਮੁਸਾਫਰਾਂ ਤੇ ਖਾਸ ਕਰਕੇ ‘ਜੋਖਮ’ ਵਾਲੀ ਸ਼੍ਰੇਣੀ ’ਚ ਰੱਖੇ ਗਏ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਦੀ ਜਾਂਚ ਤੇ ਨਿਗਰਾਨੀ ਕਰਨ ਸਬੰਧੀ ਮਿਥੇ ਅਮਲ (ਐੱਸਓਪੀ) ਦੀ ਸਮੀਖਿਆ ਕਰਨ ਦਾ ਅੱਜ ਫ਼ੈਸਲਾ ਕੀਤਾ ਹੈ। ਸਰਕਾਰ ਦੇ ਅਧਿਕਾਰਤ ਬੁਲਾਰੇ ਨੇ ਕਿਹਾ ਕਿ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਦੀ ਪ੍ਰਧਾਨਗੀ ਹੇਠ ਹੋਈ ਇੱਕ ਜ਼ਰੂਰੀ ਮੀਟਿੰਗ ’ਚ ਇਸ ਬਾਰੇ ਫ਼ੈਸਲਾ ਲਿਆ ਗਿਆ ਤੇ ਇਸ ’ਚ ਵੱਖ ਵੱਖ ਧਿਰਾਂ ਸ਼ਾਮਲ ਹੋਈਆਂ। ਇਹ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰੋਨਾਵਾਇਰਸ ਦੇ ਨਵੇਂ ਸਰੂਪ ‘ਓਮੀਕਰੋਨ’ ਦੇ ਚਲਦਿਆਂ ਕੀਤੀ ਗਈ ਉੱਚ ਪੱਧਰੀ ਸਮੀਖਿਆ ਮੀਟਿੰਗ ਤੋਂ ਬਾਅਦ ਕੀਤੀ ਗਈ ਹੈ। ਗ੍ਰਹਿ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ‘ਓਮੀਕਰੋਨ’ ਦੇ ਮੱਦੇਨਜ਼ਰ ਦੁਨੀਆ ’ਚ ਬਣ ਰਹੇ ਹਾਲਾਤ ’ਤੇ ਚਰਚਾ ਕੀਤੀ ਗਈ ਤੇ ਵੱਖ ਵੱਖ ਉਪਾਵਾਂ ਤੇ ਇਨ੍ਹਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਚਰਚਾ ਕੀਤੀ ਗਈ ਹੈ। -ਪੀਟੀਆਈ