ਨਵੀਂ ਦਿੱਲੀ, 15 ਸਤੰਬਰ
ਵਿਗਿਆਨੀਆਂ ਨੂੰ ਭਾਰਤ ਦੇ ਚੰਦਰਯਾਨ-1 ਚੰਦ ਮਿਸ਼ਨ ਦੇ ਰਿਮੋਟ ਸੈਂਸਿਗ ਡੇਟਾ ਦੀ ਸਮੀਖਿਆ ਦੌਰਾਨ ਪਤਾ ਲੱਗਾ ਹੈ ਕਿ ਧਰਤੀ ਤੋਂ ਆਉਂਦੇ ਹਾਈ ਐਨਰਜੀ ਇਲੈਕਟਰੋਨਜ਼ (ਬਿਜਲਈ ਅਣੂ) ਚੰਦ ’ਤੇ ਪਾਣੀ ਪੈਦਾ ਹੋਣ ਦੀ ਵਜ੍ਹਾ ਹੋ ਸਕਦੇ ਹਨ। ਅਮਰੀਕਾ ਵਿੱਚ ਹਵਾਈ ਯੂਨੀਵਰਸਿਟੀ ਦੇ ਖੋਜਾਰਥੀਆਂ ਦੀ ਅਗਵਾਈ ਵਾਲੀ ਟੀਮ ਨੇ ਪਤਾ ਲਾਇਆ ਹੈ ਕਿ ਧਰਤੀ ਦੀ ਪਲਾਜ਼ਮਾ ਸ਼ੀਟ ਵਿੱਚ ਮੌਜੂਦ ਇਨ੍ਹਾਂ ਇਲੈਕਟਰੋਨਜ਼ ਕਰਕੇ ਚੰਦ ਦੀ ਸਤਹਿ ’ਤੇ ਚੱਟਾਨਾਂ ਤੇ ਧਾਤਾਂ ਟੁੱਟਦੀਆਂ ਹਨ ਜਾਂ ਫਿਰ ਖੁਰਦੀਆਂ ਹਨ।
‘ਨੇਚਰ ਐਸਟਰੋਨੋਮੀ’ ਨਾਂ ਦੇ ਰਸਾਲੇ ਵਿੱਚ ਪ੍ਰਕਾਸ਼ਿਤ ਵਿੱਚ ਖੋਜ ਮੁਤਾਬਕ ਚੰਦ ਦੀ ਸਤਹਿ ’ਤੇ ਪਾਣੀ ਦੀ ਮੌਜੂਦਗੀ ਦਾ ਇਕ ਕਾਰਨ ਇਹ ਇਲੈਕਟਰੋਨਜ਼ ਹੋ ਸਕਦੇ ਹਨ। ਖੋਜਾਰਥੀਆਂ ਨੇ ਕਿਹਾ ਕਿ ਇਹ ਨਵੀਂ ਲੱਭਤ ਚੰਦ ਦੇ ਸਥਾਈ ਹਨੇਰੇ ਵਾਲੇ ਖੇਤਰਾਂ ’ਚੋਂ ਬਰਫ਼ ਦੇ ਰੂਪ ਵਿੱਚ ਪਹਿਲਾਂ ਮਿਲੇ ਪਾਣੀ ਦੀ ਹੋਂਦ ਨੂੰ ਵਿਸਥਾਰ ਵਿਚ ਸਮਝਾਉਣ ’ਚ ਮਦਦਗਾਰ ਹੋਵੇਗੀ। ਚੰਦ ’ਤੇ ਪਾਣੀ ਦੇ ਅਣੂਆਂ ਦੀ ਖੋਜ ਵਿੱਚ ਚੰਦਰਯਾਨ-1 ਮਿਸ਼ਨ ਦੀ ਅਹਿਮ ਭੂਮਿਕਾ ਹੈ। ਸਾਲ 2008 ਵਿੱਚ ਸ਼ੁਰੂ ਕੀਤਾ ਇਹ ਮਿਸ਼ਨ ਭਾਰਤ ਦੇ ਚੰਦਰਯਾਨ ਪ੍ਰੋਗਰਾਮ ਤਹਿਤ ਭਾਰਤ ਦੀ ਚੰਦਰਮਾ ਨੂੰ ਲੈ ਕੇ ਪਲੇਠੀ ਖੋਜ ਪੜਤਾਲ ਹੈ। ਖੋਜ ਮੁਤਾਬਕ ਸੌਰ ਹਨੇਰੀ, ਜੋ ਉੱਚ ਊਰਜਾ ਵਾਲੇ ਕਣਾਂ ਜਿਵੇਂ ਪ੍ਰੋਟੋਨਜ਼ ਨਾਲ ਲੈਸ ਹੈ, ਚੰਦ ਦੀ ਸਤਹਿ ’ਤੇ ਬੁਛਾੜ ਕਰਦੀ ਹੈ ਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਚੰਦ ਦੀ ਸਤਹਿ ’ਤੇ ਪਾਣੀ ਪੈਦਾ ਹੋਣ ਦੇ ਮੁੱਢਲੇ ਤਰੀਕਿਆਂ ’ਚੋਂ ਇਕ ਹੈ। -ਪੀਟੀਆਈ
ਆਦਿੱਤਿਆ-ਐੱਲ1 ਮੰਗਲਵਾਰ ਤੋਂ ਸੂਰਜ ਵੱਲ ਵਧੇਗਾ
ਚੇਨੱਈ: ਇਸਰੋ ਵੱਲੋਂ ਸੂਰਜ ਦੀ ਪੜਚੋਲ ਲਈ ਭੇਜਿਆ ਆਦਿੱਤਿਆ-ਐੱਲ1 19 ਸਤੰਬਰ ਨੂੰ ਸੂਰਜ ਵੱਲ ਆਪਣਾ ਪੈਂਡਾ ਤੈਅ ਕਰੇਗਾ। ਇਸਰੋ ਮੁਤਾਬਕ ਆਦਿੱਤਿਆ-ਐੱਲ1 ਟਰਾਂਸ ਲੈਗਰੈਂਗੀਅਨ ਪੁਆਇੰਟ ਵੱਲ ਵਧੇਗਾ। ਇਸ ਤੋਂ ਪਹਿਲਾਂ ਆਦਿੱਤਿਆ-ਐੱਲ1 ਨੇ ਸ਼ੁੱਕਰਵਾਰ ਵੱਡੇ ਤੜਕੇ ਲਗਪਗ 2.15 ਵਜੇ ਸੂਰਜੀ ਮਿਸ਼ਨ ਤਹਿਤ ਚੌਥੇ ਪੜਾਅ ਨੂੰ ਸਫਲਤਾ ਨਾਲ ਪੂਰਾ ਕੀਤਾ ਸੀ। ਇਸ ਪੂਰੇ ਅਪਰੇਸ਼ਨ ਦੌਰਾਨ ਇਸਰੋ ਦੇ ਮੌਰੀਸ਼ਸ, ਬੰਗਲੂਰੂ, ਐੱਸਡੀਐੱਸਸੀ-ਸ਼ਾਰ ਅਤੇ ਪੋਰਟ ਬਲੇਅਰ ਸਥਿਤ ਜ਼ਮੀਨ ਸਟੇਸ਼ਨਾਂ ਤੋਂ ਉਪਗ੍ਰਹਿ ਉੱਤੇ ਨਿਗ੍ਹਾ ਰੱਖੀ ਗਈ। ਪੁਲਾੜ ਏਜੰਸੀ ਮੁਤਾਬਕ ਆਦਿੱਤਿਆ-ਐੱਲ1 ਨੇ 256 ਕਿਲੋਮੀਟਰx121973 ਕਿਲੋਮੀਟਰ ਦੇ ਨਵੇਂ ਪੰਧ ਨੂੰ ਹਾਸਲ ਕਰ ਲਿਆ। -ਆਈਏਐੱਨਐੱਸ
ਗਗਨਯਾਨ ਤਹਿਤ ਪਹਿਲਾ ਟੈਸਟ ਵਹੀਕਲ ਮਿਸ਼ਨ ਇਕ ਜਾਂ ਦੋ ਮਹੀਨਿਆਂ ’ਚ: ਇਸਰੋ
ਬੰਗਲੂਰੂ: ਮਿਸ਼ਨ ਗਗਨਯਾਨ ਤਹਿਤ ਮਨੁੱਖ ਦੀ ਪੁਲਾੜ ਵੱਲ ਪਲੇਠੀ ਉਡਾਣ ਦੇ ਭਾਰਤ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਪਹਿਲਾ ਟੈਸਟ ਵਹੀਕਲ ਮਿਸ਼ਨ ਅਗਲੇ ਇਕ ਜਾਂ ਦੋ ਮਹੀਨਿਆਂ ਵਿੱਚ ਪਰਵਾਜ਼ ਭਰੇਗਾ। ਇਸਰੋ ਅਧਿਕਾਰੀਆਂ ਨੇ ਕਿਹਾ ਕਿ ਇਹ ਗਗਨਯਾਨ ਪ੍ਰੋਗਰਾਮ ਤਹਿਤ ਠੱਪ ਕੀਤੇ ਚਾਰ ਮਿਸ਼ਨਾਂ ਵਿਚੋਂ ਪਹਿਲਾ ਸੀ। ਉਨ੍ਹਾਂ ਕਿਹਾ ਕਿ ਪਹਿਲੇ ਟੈਸਟ ਵਹੀਕਲ ਮਿਸ਼ਨ ਟੀਵੀ-ਡੀ1 ਤੋਂ ਬਾਅਦ ਦੂਜਾ ਟੈਸਟ ਵਹੀਕਲ ਟੀਵੀ-ਡੀ2 ਮਿਸ਼ਨ ਤੇ ਗਗਨਯਾਨ(ਐੱਲਵੀਐੱਮ3-ਜੀ1) ਦਾ ਪਹਿਲਾ ਅਨਕਰਿਊਡ ਮਿਸ਼ਨ ਹੋਵੇਗਾ। ਉਸ ਮਗਰੋਂ ਟੈਸਟ ਵਹੀਕਲ ਮਿਸ਼ਨਾਂ (ਟੀਵੀ-ਡੀ3 ਤੇ ਡੀ4) ਅਤੇ ਰੋਬੋਟਿਕ ਪੇਅਲੋਡ ਨਾਲ ਲੈਸ ਐੱਲਵੀਐੱਮ3-ਜੀ2 ਨੂੰ ਭੇਜਣ ਦੀ ਵਿਉਂਤਬੰਦੀ ਹੈ। ਇਸਰੋ ਅਧਿਕਾਰੀਆਂ ਨੇ ਕਿਹਾ ਕਿ ਪੁਲਾੜ ’ਤੇ ਮਨੁੱਖ ਨੂੰ ਭੇਜਣ ਦਾ ਅਮਲ ਟੈਸਟ ਵਹੀਕਲ ਤੇ ਅਨਕਰਿਊਡ ਮਿਸ਼ਨਾਂ ਦੀ ਸਫਲਤਾ ’ਤੇ ਨਿਰਭਰ ਕਰੇਗਾ। ਗਗਨਯਾਨ ਪ੍ਰਾਜੈਕਟ ਦੇ ਡਾਇਰੈਕਟਰ ਆਰ.ਹਟਨ ਨੇ ਇਥੇ ਕੌਮਾਂਤਰੀ ਪੁਲਾੜ ਕਾਨਫਰੰਸ ਦੌਰਾਨ ਕਿਹਾ, ‘‘ਅਸੀਂ ਕਰਿਊ ਐਸਕੇਪ ਸਿਸਟਮ ’ਤੇ ਕੰਮ ਕਰ ਰਹੇ ਹਾਂ। ਅਗਲੇ ਇਕ ਜਾਂ ਦੋ ਮਹੀਨਿਆਂ ਵਿਚ ਇਹ ਮਿਸ਼ਨ ਸ੍ਰੀਹਰੀਕੋਟਾ ਤੋਂ ਸ਼ੁਰੂ ਹੋਵੇਗਾ।’’ -ਪੀਟੀਆਈ