ਤਿਰੂਵਨੰਤਪੁਰਮ, 19 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਵਾਤਾਵਰਨ ਤਬਦੀਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਸੌਰ ਊਰਜਾ ਦੇ ਮਹੱਤਵ ਵੱਲ ਧਿਆਨ ਦੇ ਰਿਹਾ ਹੈ ਅਤੇ ਦੇਸ਼ ਕਿਸਾਨਾਂ ਨੂੰ ਵੀ ਸੌਰ ਊਰਜਾ ਨਾਲ ਜੋੜਿਆ ਜਾ ਰਿਹਾ ਹੈ। ਇਹ ਗੱਲ ਉਨ੍ਹਾਂ ਆਨਲਾਈਨ ਸਮਾਗਮ ਦੌਰਾਨ ਕੇਰਲਾ ’ਚ ਬਿਜਲੀ ਅਤੇ ਸ਼ਹਿਰੀ ਖੇਤਰ ’ਚ ਕਈ ਅਹਿਮ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੇ ਨੀਂਹ ਪੱਥਰ ਰੱਖਣ ਮੌਕੇ ਕਹੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਛੇ ਸਾਲਾਂ ਅੰਦਰ ਭਾਰਤ ਦੀ ਸੌਰ ਊਰਜਾ ਦੀ ਸਮਰੱਥਾ 13 ਗੁਣਾ ਵੱਧ ਜਾਵੇਗੀ। ਉਨ੍ਹਾਂ ਕਿਹਾ, ‘ਭਾਰਤ ਸੂਰਜੀ ਊਰਜਾ ਦੀ ਵਰਤੋਂ ਵੱਲ ਧਿਆਨ ਦੇ ਰਿਹਾ ਹੈ। ਅਸੀਂ ਸੂਰਜੀ ਊਰਜਾ ਦੀ ਵਰਤੋਂ ਵਧਾ ਕੇ ਵਾਤਾਵਰਨ ਖ਼ਿਲਾਫ਼ ਜੰਗ ’ਚ ਹਿੱਸਾ ਪਾਉਣਾ ਚਾਹੁੰਦੇ ਹਾਂ ਤੇ ਨਾਲ ਹੀ ਆਪਣੇ ਕਾਰੋਬਾਰੀਆਂ ਨੂੰ ਹੁਲਾਰਾ ਦੇਣਾ ਚਾਹੁੰਦੇ ਹਾਂ।’
ਉਨ੍ਹਾਂ ਕਿਹਾ, ‘ਦੇਸ਼ ਦੇ ਕਿਸਾਨਾਂ ਨੂੰ ਸੌਰ ਊਰਜਾ ਦੇ ਖੇਤਰ ਨਾਲ ਜੋੜਨ ਲਈ ਕੰਮ ਵੀ ਚੱਲ ਰਿਹਾ ਹੈ। ਅਸੀਂ ਆਪਣੇ ਅੰਨਦਾਤਾ ਨੂੰ ਊਰਜਾਦਾਤਾ ਵੀ ਬਣਾਉਣਾ ਚਾਹੁੰਦੇ ਹਾਂ।’
ਉਨ੍ਹਾਂ ਕਿਹਾ ਕਿ ਭਾਰਤ ਨੇ ਕੌਮਾਂਤਰੀ ਸੋਲਰ ਗੱਠਜੋੜ ਰਾਹੀਂ ਸਾਰੀ ਦੁਨੀਆਂ ਨੂੰ ਨੇੜੇ ਲਿਆਂਦਾ ਹੈ। ਪ੍ਰਧਾਨ ਮੰਤਰੀ ਨੇ ਅੱਜ 320 ਕੇਵੀ ਪੁਗਾਲੁਰ (ਤਾਮਿਲ ਨਾਡੂ)-ਤ੍ਰਿਸੂਰ (ਕੇਰਲਾ) ਬਿਜਲੀ ਪ੍ਰਾਜੈਕਟ, 50 ਮੈਗਾਵਾਟ ਕਸਾਰਗੋਡ ਸੌਰ ਊਰਜਾ ਪ੍ਰਾਜੈਕਟ ਅਤੇ ਅਰੂਵਿਕਾਰਾ ’ਚ 75 ਐੱਮਐੱਲਡੀ ਜਲ ਸੋਧ ਪਲਾਂਟ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਤਿਰੂਵਨੰਤਪੁਰਮ ’ਚ ਏਕੀਕ੍ਰਿਤ ਕਮਾਨ ਤੇ ਕੰਟਰੋਲ ਕੇਂਦਰ ਅਤੇ ਤਿਰੂਵਨੰਤਪੁਰਮ ’ਚ ਸਮਾਰਟ ਸੜਕ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। -ਪੀਟੀਆਈ
ਭਾਰਤ-ਆਸਟਰੇਲੀਆ ਭਾਈਵਾਲੀ ਦੁਨੀਆ ਨੂੰ ਨਵਾਂ ਰੂਪ ਦੇਣਵਿੱਚ ਅਹਿਮ ਭੂਮਿਕਾ ਨਿਭਾਏਗੀ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਅਤੇ ਆਸਟਰੇਲੀਆ ਵਿਚਕਾਰ ਮਜ਼ਬੂਤ ਭਾਈਵਾਲੀ ਕੋਵਿਡ-19 ਤੋਂ ਬਾਅਦ ਦੁਨੀਆ ਨੂੰ ਨਵਾਂ ਰੂਪ ਦੇਣ ’ਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਭਰੋਸਾ ਜਤਾਇਆ ਕਿ ਦੋਵੇਂ ਮੁਲਕ ਅਰਥਚਾਰੇ ਨਾਲ ਸਬੰਧਤ ਸਮੱਸਿਆਵਾਂ ਨੂੰ ਸੁਲਝਾਉਣ ’ਚ ਮੋਹਰੀ ਰਹਿਣਗੇ। ਭਾਰਤ-ਆਸਟਰੇਲੀਆ ਸਰਕੁਲਰ ਇਕੌਨਮੀ ਹੈਕਾਥਨ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਖਪਤ ਆਧਾਰਿਤ ਆਰਥਿਕ ਮਾਡਲਾਂ ਨੇ ਧਰਤੀ ’ਤੇ ਭਾਰੀ ਤਣਾਅ ਪੈਦਾ ਕੀਤਾ ਹੈ। ਉਨ੍ਹਾਂ ਕਿਹਾ,‘‘ਸਾਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਹੈ ਕਿ ਅਸੀਂ ਮਾਂ ਧਰਤੀ ਵੱਲੋਂ ਦਿੱਤੀਆਂ ਗਈਆਂ ਸੌਗਾਤਾਂ ਦੇ ਮਾਲਕ ਨਹੀਂ ਹਾਂ। ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਿਰਫ਼ ਟਰੱਸਟੀ ਹਾਂ।’’ ਸ੍ਰੀ ਮੋਦੀ ਨੇ ਕਿਹਾ ਕਿ ਕੋਈ ਕਿੰਨੀ ਵੀ ਤੇਜ਼ ਜਾਂ ਹੌਲੀ ਗੱਡੀ ਚਲਾਵੇ ਪਰ ਜੇਕਰ ਦਿਸ਼ਾ ਗਲਤ ਹੈ ਤਾਂ ਉਹ ਗਲਤ ਮੁਕਾਮ ’ਤੇ ਹੀ ਪਹੁੰਚੇਗਾ। ‘ਇਸ ਲਈ ਸਾਨੂੰ ਸਹੀ ਦਿਸ਼ਾ ਵੱਲ ਕਦਮ ਵਧਾਉਣੇ ਚਾਹੀਦੇ ਹਨ।’ ਉਨ੍ਹਾਂ ਕਿਹਾ ਕਿ ਵਸਤਾਂ ਦੀ ਰੀਸਾਈਕਲਿੰਗ ਅਤੇ ਉਨ੍ਹਾਂ ਦੀ ਮੁੜ ਵਰਤੋਂ, ਬੇਕਾਰ ਵਸਤਾਂ ਖ਼ਤਮ ਕਰਨ ਅਤੇ ਸਰੋਤਾਂ ਦੀ ਕਾਰਗੁਜ਼ਾਰੀ ’ਚ ਸੁਧਾਰ ਜੀਵਨ ਸ਼ੈਲੀ ਦਾ ਹਿੱਸਾ ਬਣ ਗਏ ਹਨ। ਉਨ੍ਹਾਂ ਕਿਹਾ ਕਿ ਹੈਕਾਥਨ ਦੌਰਾਨ ਭਾਰਤੀ ਅਤੇ ਆਸਟਰੇਲੀਅਨ ਵਿਦਿਆਰਥੀਆਂ ਨੇ ਕਈ ਨਿਵੇਕਲੇ ਹੱਲ, ਸਟਾਰਟਅੱਪਸ ਆਦਿ ਪੇਸ਼ ਕੀਤੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜੂਨ ’ਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸਰਕੁਲਰ ਇਕੌਨਮੀ ਬਾਰੇ ਹੈਕਾਥਨ ਕਰਾਉਣ ਦੀ ਸੰਭਾਵਨਾ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ ਅਤੇ ਉਹ ਖੁਸ਼ ਹਨ ਕਿ ਇਹ ਵਿਚਾਰ ਇੰਨੀ ਛੇਤੀ ਹਕੀਕਤ ਬਣ ਗਿਆ। ਆਪਣੇ ਬਿਆਨ ’ਚ ਮੌਰੀਸਨ ਨੇ ਵੀ ਸਾਂਝੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈ। -ਪੀਟੀਆਈ
ਮੋਦੀ ਪੁਡੂਚੇਰੀ ’ਚ 25 ਨੂੰ ਕਰਨਗੇ ਰੈਲੀ
ਪੁਡੂਚੇਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਫਰਵਰੀ ਨੂੰ ਚੋਣਾਂ ਵਾਲੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਦਾ ਦੌਰਾ ਕਰਨਗੇ। ਇਸ ਦੌਰਾਨ ਮੋਦੀ ਇਕ ਰੈਲੀ ਨੂੰ ਸੰਬੋਧਨ ਕਰਨਗੇ। ਪੁੱਡੂਚੇਰੀ ਦਾ ਪ੍ਰਧਾਨ ਮੰਤਰੀ ਦਾ ਇਹ ਦੂਜਾ ਦੌਰਾ ਹੈ। ਜ਼ਿਕਰਯੋਗ ਹੈ ਕਿ ਦੋ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਇੱਥੇ ਸੱਤਾਧਾਰੀ ਕਾਂਗਰਸ ਨੇ ਬਹੁਮੱਤ ਗੁਆ ਲਿਆ ਹੈ। ਉਪ ਰਾਜਪਾਲ ਨੇ ਸਰਕਾਰ ਨੂੰ 22 ਫਰਵਰੀ ਨੂੰ ਬਹੁਮੱਤ ਸਾਬਿਤ ਕਰਨ ਲਈ ਕਿਹਾ ਹੈ। ਅਗਲੇ ਕੁਝ ਮਹੀਨਿਆਂ ਦੌਰਾਨ ਪੁੱਡੂਚੇਰੀ ਵਿਚ ਚੋਣਾਂ ਹੋਣ ਵਾਲੀਆਂ ਹਨ। ਇਸ ਲਈ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇੱਥੇ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। -ਪੀਟੀਆਈ