ਨਵੀਂ ਦਿੱਲੀ, 10 ਜੁਲਾਈ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਮਨੀਪੁਰ ਵਿੱਚ ਹਿੰਸਾ ਵਧਾਉਣ ਦੇ ਮੰਚ ਵਜੋਂ ਸਿਖਰਲੀ ਅਦਾਲਤ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਹੈ। ਨਾਲ ਹੀ ਅਦਾਲਤ ਨੇ ਸਪੱਸ਼ਟ ਕੀਤਾ ਕਿ ਉਹ ਹਿੰਸਾ ਖ਼ਤਮ ਕਰਨ ਲਈ ਕਾਨੂੰਨ ਤੇ ਵਿਵਸਥਾ ਦੇ ਤੰਤਰ ਨੂੰ ਆਪਣੇ ਹੱਥਾਂ ’ਚ ਨਹੀਂ ਲੈ ਸਕਦੀ ਹੈ। ਚੀਫ ਜਸਟਿਸ਼ ਡੀ.ਵਾਈ. ਚੰਦਰਚੂੜ ਤੇ ਜਸਟਿਸ ਪੀ.ਐੱਸ. ਨਰਸਿਮ੍ਹਾ ਦੇ ਬੈਂਚ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਉਹ ਅਥਾਰਿਟੀਜ਼ ਨੂੰ ਸਥਿਤੀ ਬਿਹਤਰ ਬਣਾਉਣ ਦਾ ਨਿਰਦੇਸ਼ ਦੇ ਸਕਦੇ ਹਨ ਅਤੇ ਇਸ ਵਾਸਤੇ ਉਨ੍ਹਾਂ ਨੂੰ ਵੱਖ-ਵੱਖ ਸਮੂਹਾਂ ਤੋਂ ਮਦਦ ਲੈਣ ਤੇ ਸਕਾਰਾਤਮਕ ਸੁਝਾਵਾਂ ਦੀ ਲੋੜ ਹੋਵੇਗੀ। ਬੈਂਚ ਨੇ ਮਨੀਪੁਰ ਵਿੱਚ ਮੌਜੂਦਾ ਹਾਲਾਤ ’ਤੇ ਸੂਬੇ ਦੇ ਮੁੱਖ ਸਕੱਤਰ ਵੱਲੋਂ ਦਾਖਲ ਸਥਿਤੀ ਰਿਪੋਰਟ ’ਤੇ ਗੌਰ ਕਰਨ ਮਗਰੋਂ ਵੱਖ-ਵੱਖ ਸਮੂਹਾਂ ਨੂੰ ਕਿਹਾ, ‘‘ਸਾਨੂੰ ਸਥਿਤੀ ਨੂੰ ਬਿਹਤਰ ਬਣਾਉਣ ਲਈ ਮੰਗਲਵਾਰ ਤੱਕ ਕੁਝ ਸਕਾਰਾਤਮਕ ਸੁਝਾਅ ਦਿਓ ਅਤੇ ਅਸੀਂ ਕੇਂਦਰ ਤੇ ਮਨੀਪੁਰ ਸਰਕਾਰ ਨੂੰ ਇਸ ’ਤੇ ਗੌਰ ਕਰਨ ਲਈ ਕਹਾਂਗੇ।’’ ਇਸੇ ਦੌਰਾਨ ਮਨੀਪੁਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਉਸ ਵੱਲੋਂ ਹਿੰਸਾ ਪ੍ਰਭਾਵਿਤ ਸੂਬੇ ਵਿੱਚ ਬਿਨਾ ਕਿਸੇ ਭੇਦ-ਭਾਵ ਤੋਂ ਸਾਰੇ ਨਾਗਰਿਕਾਂ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦੌਰਾਨ ਸੁਪਰੀਮ ਕੋਰਟ ਨੇ ਅੱਜ ਮਨੀਪੁਰ ਸਰਕਾਰ ਦੀ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਪਟੀਸ਼ਨ ’ਤੇ ਸੁਣਵਾਈ ਕਰਨ ਲਈ ਹਾਮੀ ਭਰ ਦਿੱਤੀ। ਸੁਣਵਾਈ 11 ਜੁਲਾਈ ਨੂੰ ਕੀਤੀ ਜਾਵੇਗੀ। ਪਟੀਸ਼ਨ ਰਹੀਂ ਸਰਕਾਰ ਨੇ ਸੂਬੇ ਵਿੱਚ ਇੰਟਰਨੈੱਟ ਦੀ ਸੀਮਤ ਬਹਾਲੀ ਸਬੰਧੀ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ। -ਪੀਟੀਆਈ
ਹਿੰਸਾਵਿੱਚ ਇਕ ਵਿਅਕਤੀ ਦੀ ਮੌਤ, ਦੋ ਜ਼ਖ਼ਮੀ
ਇੰਫਾਲ: ਮਨੀਪੁਰ ਦੇ ਇੰਫਾਲ ਪੱਛਮੀ ਤੇ ਕੈਂਗਪੋਕਪੀ ਜ਼ਿਲ੍ਹਿਆਂ ਦੇ ਨਾਲ ਲੱਗਦੇ ਦੋ ਪਿੰਡਾਂ ਵਿੱਚ ਹੋਈਆਂ ਹਿੰਸਕ ਝੜਪਾਂ ’ਚ ਅੱਜ ਇਕ ਆਮ ਨਾਗਰਿਕ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਤੜਕੇ 3 ਵਜੇ ਤੋਂ ਸਵੇਰੇ 6 ਵਜੇ ਤੱਕ ਕੁਝ ਦੇਰ ਵਾਸਤੇ ਸ਼ਾਂਤੀ ਰਹੀ ਪਰ ਉਸ ਤੋਂ ਬਾਅਦ ਫੇਯੰਗ ਤੇ ਸਿੰਗਦਾ ਪਿੰਡਾਂ ’ਚੋਂ ਅੰਨ੍ਹੇਵਾਹ ਗੋਲੀਬਾਰੀ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਹਿੰਸਾ ਵਿੱਚ ਇਕ ਪੁਲੀਸ ਮੁਲਾਜ਼ਮ ਦੀ ਮੌਤ ਹੋਈ ਹੈ ਜਦਕਿ ਬਾਅਦ ਵਿੱਚ ਇਹ ਸਪੱਸ਼ਟ ਹੋਇਆ ਕਿ ਪੀੜਤ ਇਕ ਆਮ ਨਾਗਰਿਕ ਸੀ ਜਿਸ ਕੋਲ .303 ਰਾਈਫਲ ਸੀ। ਮੰਨਿਆ ਜਾ ਰਿਹਾ ਹੈ ਕਿ ਉਸ ਨੇ ਇਹ ਰਾਈਫਲ ਪੁਲੀਸ ਦਾ ਅਸਲਾ ਰੱਖਣ ਵਾਲੀ ਥਾਂ ਤੋਂ ਚੋਰੀ ਕੀਤੀ ਸੀ। ਮ੍ਰਿਤਕ ਦੀ ਪਛਾਣ ਸੈਖੋਮ ਸੁਬਾਨ ਸਿੰਘ (26) ਵਜੋਂ ਹੋਈ ਹੈ ਜੋ ਕਿ ਇੰਫਾਲ ਪੱਛਮੀ ਜ਼ਿਲ੍ਹੇ ਤੋਂ 25 ਕਿਲੋਮੀਟਰ ਦੂਰ ਇਕ ਪਿੰਡ ਦਾ ਸੀ। ਇਸ ਘਟਨਾ ਤੋਂ ਬਾਅਦ ਇੰਫਾਲ ਸ਼ਹਿਰ ਵਿੱਚ ਤਣਾਅ ਪੈਦਾ ਹੋ ਗਿਆ ਅਤੇ ਹਿੰਸਾ ਪ੍ਰਭਾਵਿਤ ਖੇਤਰਾਂ ’ਚ ਨੀਮ ਫੌਜੀ ਬਲ ਤਾਇਨਾਤ ਕੀਤੇ ਗਏ। ਦੁਕਾਨਾਂ ਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ।
ਅਧਿਕਾਰੀਆਂ ਨੇ ਕਿਹਾ ਕਿ ਹੋਰ ਮੌਤਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਅਤੇ ਅਸਲ ਤਸਵੀਰ ਤਾਂ ਗੋਲੀਬਾਰੀ ਬੰਦ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗੀ। 3 ਮਈ ਤੋਂ ਸ਼ੁਰੂ ਹੋਈ ਇਸ ਹਿੰਸਾ ਵਿੱਚ ਹੁਣ ਤੱਕ ਘੱਟੋ-ਘੱਟ 150 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਵਿਅਕਤੀ ਜ਼ਖ਼ਮੀ ਹੋ ਚੁੱਕੇ ਹਨ। ਮੈਤੇਈ ਭਾਈਚਾਰੇ ਵੱਲੋਂ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਕੀਤੀ ਜਾ ਰਹੀ ਮੰਗ ਦੇ ਵਿਰੋਧ ਵਿੱਚ ਪਹਾੜੀ ਜ਼ਿਲ੍ਹਿਆਂ ਵਿੱਚ ‘ਕਬਾਇਲੀ ਇਕਜੁੱਟਤਾ ਮਾਰਚ’ ਕੱਢੇ ਜਾਣ ਤੋਂ ਬਾਅਦ ਇਹ ਝੜਪਾਂ ਸ਼ੁਰੂ ਹੋਈਆਂ ਸਨ। -ਪੀਟੀਆਈ
ਟੀਐੱਮਸੀ 14 ਨੂੰ ਮਨੀਪੁਰ ਭੇਜੇਗੀ ਪੰਜ ਮੈਂਬਰੀ ਤੱਥ ਖੋਜ ਟੀਮ
ਕੋਲਕਾਤਾ: ਤ੍ਰਿਣਮੂਲ ਕਾਂਗਰਸ ਨੇ ਅੱਜ ਕਿਹਾ ਕਿ ਪਾਰਟੀ ਦਾ ਪੰਜ ਮੈਂਬਰੀ ਵਫ਼ਦ ਮਨੀਪੁਰ ਵਿੱਚ ਜਾਤੀ ਹਿੰਸਾ ਨਾਲ ਪ੍ਰਭਾਵਿਤ ਲੋਕਾਂ ਤੱਕ ਪਹੁੰਚਣ ਲਈ 14 ਜੁਲਾਈ ਨੂੰ ਸੂਬੇ ਦਾ ਦੌਰਾ ਕਰੇਗਾ। ਇਸ ਵਫ਼ਦ ਵਿੱਚ ਰਾਜ ਸਭਾ ਮੈਂਬਰ ਡੈਰੇਕ ਓ’ਬਰਾਇਨ, ਡੋਲਾ ਸੇਨ ਤੇ ਸੁਸ਼ਮਿਤਾ ਦੇਵ ਅਤੇ ਲੋਕ ਸਭਾ ਮੈਂਬਰ ਕਾਕੋਲੀ ਘੋਸ਼ ਦਸਤੀਦਾਰ ਤੇ ਕਲਿਆਣ ਬੈਨਰਜੀ ਸ਼ਾਮਲ ਹੋਣਗੇ। ਟੀਐੱਮਸੀ ਨੇ ਟਵੀਟ ਕੀਤਾ, ‘‘ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਦਾ ਚਾਰ ਮੈਂਬਰੀ ਤੱਥ ਖੋਜ ਵਫ਼ਦ 14 ਜੁਲਾਈ ਨੂੰ ਮਨੀਪੁਰ ਦਾ ਦੌਰਾ ਕਰੇਗਾ..(ਇਹ) ਪ੍ਰਭਾਵਿਤ ਲੋਕਾਂ ਤੱਕ ਪਹੁੰਚੇਗਾ ਅਤੇ ਡਬਲ ਇੰਜਣ ਸੂਬੇ ਲਈ ਕੁਝ ਸਹੂਲਤਾਂ ਮੁਹੱਈਆ ਕਰੇਗਾ ਜਨਿ੍ਹਾਂ ਨੂੰ ਭਾਜਪਾ ਸਰਕਾਰ ਨੇ ਪਿਛਲੇ ਤਿੰਨ ਮਹੀਨਿਆਂ ’ਚ ਨਜ਼ਰਅੰਦਾਜ਼ ਕੀਤਾ ਹੈ।’’ -ਪੀਟੀਆਈ
ਮਨੀਪੁਰ ਵਿੱਚ ਸ਼ਾਂਤੀ ਬਹਾਲੀ ’ਚ ਬੀਰੇਨ ਸਿੰਘ ਸਰਕਾਰ ਸਭ ਤੋਂ ਵੱਡਾ ਅੜਿੱਕਾ ਕਰਾਰ
ਨਵੀਂ ਦਿੱਲੀ: ਸੀਪੀਆਈ (ਐੱਮ) ਅਤੇ ਸੀਪੀਆਈ ਦੇ ਆਗੂਆਂ ਦੇ ਇਕ ਵਫ਼ਦ ਨੇ ਹਿੰਸਾ ਪ੍ਰਭਾਵਿਤ ਮਨੀਪੁਰ ਦਾ ਦੌਰਾ ਕਰਨ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਸ਼ਾਂਤੀ ਤੇ ਆਮ ਸਥਿਤੀ ਬਹਾਲ ਕਰਨ ਵਿੱਚ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਾ ਬਣੇ ਰਹਿਣਾ ਸਭ ਤੋਂ ਵੱਡਾ ਅੜਿੱਕਾ ਹੈ। ਦੋਹਾਂ ਖੱਬੀਆਂ ਪਾਰਟੀਆਂ ਨੇ ਇਕ ਬਿਆਨ ਵਿੱਚ ਕਿਹਾ ਕਿ ਸੂਬੇ ਦੀ ਸਥਿਤੀ ਨੂੰ ਪਟੜੀ ’ਤੇ ਲਿਆਉਣ ਲਈ ਸਾਰੇ ਭਾਈਚਾਰਿਆਂ ਤੇ ਸਮਾਜਿਕ ਸਮੂਹਾਂ ਨੂੰ ਨਾਲ ਲੈ ਕੇ ਸਾਰਥਕ ਗੱਲਬਾਤ ਕਰਨੀ ਹੋਵੇਗੀ। ਵਫ਼ਦ ਵਿੱਚ ਸੀਪੀਆਈ (ਐੱਮ) ਦੇ ਰਾਜ ਸਭਾ ਮੈਂਬਰ ਵਿਕਾਸ ਰੰਜਨ ਭੱਟਾਚਾਰੀਆ ਤੇ ਜੌਹਨ ਬ੍ਰਿਟਾਸ ਅਤੇ ਸੀਪੀਆਈ ਦੇ ਸੰਸਦ ਮੈਂਬਰ ਵਨਿੈ ਵਿਸ਼ਵਮ, ਸੰਦੋਸ਼ ਕੁਮਾਰ ਪੀ ਅਤੇ ਕੇ ਸੁੱਬਾਰੀਅਨ ਸ਼ਾਮਲ ਸਨ। ਇਸ ਵਫ਼ਦ ਨੇ 6 ਜੁਲਾਈ ਨੂੰ ਤਿੰਨ ਦਿਨਾਂ ਲਈ ਮਨੀਪੁਰ ਦਾ ਦੌਰਾ ਕੀਤਾ ਸੀ। -ਪੀਟੀਆਈ