ਪਟਨਾ, 12 ਨਵੰਬਰ
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦੇ ਐਨ ਨੇੜੇ ਤੋਂ ਮੁੜੀ ਆਰਜੇਡੀ ਦੇ ਨੇਤਾ ਤੇਜਸਵੀ ਯਾਦਵ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰਾਜ ਦੀ ਜਨਤਾ ਨੇ ਪੂਰਾ ਸਮਰਥਨ ਦਿੱਤਾ ਪਰ ਐੱਨਡੀਏ ਨੇ ਧਨ, ਛੱਲ ਤੇ ਬਲ ਦੇ ਦਮ ’ਤੇ ਜਿੱਤ ਹਾਸਲ ਕੀਤੀ। ਉਨ੍ਹਾਂ ਇਥੇ ਪਾਰਟੀ ਵਿਧਾਇਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਡੀਯੂ ਦੇ ਨੇਤਾ ਨਿਤੀਸ਼ ਕੁਮਾਰ ਦੀ ਪਾਰਟੀ ਚੋਣਾਂ ਵਿੱਚ ਤੀਜੇ ਨੰਬਰ ’ਤੇ ਆਈ ਹੈ ਤੇ ਜੇ ਸ੍ਰੀ ਨਿਤੀਸ਼ ਜ਼ਰਾ ਵੀ ਸਵੈਮਾਣ ਹੈ ਤਾਂ ਉਹ ਮੁੱਖ ਮੰਤਰੀ ਦੀ ਕੁਰਸੀ ਦਾ ਮੋਹ ਤਿਆਗ ਦੇਣ। ਇਸ ਮੌਕੇ ’ਤੇ ਉਨ੍ਹਾਂ ਨੂੰ ਮਹਾਗਠਜੋੜ ਦੇ 109 ਵਿਧਾਇਕਾਂ ਨੇ ਸਰਬਸੰਮਤੀ ਨਾਲ ਆਪਣਾ ਨੇਤਾ ਚੁਣ ਲਿਆ।ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਸਾਰੇ ਵਿਧਾਨ ਸਭਾ ਖੇਤਰਾਂ ਵਿੱਚ ਡਾਕ ਵੋਟਾ ਦੀ ਮੁੜ ਗਿਣਤੀ ਦੀ ਮੰਗ ਕਰਦੇ ਹਾਂ, ਜਿਥੇ ਇਨ੍ਹਾਂ ਦੀ ਗਿਣਤੀ ਸ਼ੁਰੂ ਵਿੱਚ ਕਰਨ ਦੀ ਥਾਂ ਅਖੀਰ ਵਿੱਚ ਕੀਤੀ ਗਈ। ਅਸੀਂ 20 ਸੀਟਾਂ ’ਤੇ ਮਾਮੂਲੀ ਅੰਤਰ ਨਾਲ ਹਾਰੇ। ਕਈ ਖੇਤਰਾਂ ਵਿੱਚ ਘੱਟੋ ਘੱਟ 900 ਡਾਕ ਵੋਟਾਂ ਨੂੰ ਰੱਦ ਕੀਤਾ ਗਿਆ। ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਐੱਨਡੀਏ ਨੂੰ ਮਹਾਗਠਜੋੜ ਤੋਂ ਸਿਰਫ਼ 12270 ਵੋਟਾਂ ਵੱਧ ਮਿਲੀਆਂ ਪਰ ਫੇਰ ਵੀ ਉਹ 15 ਵੱਧ ਸੀਟਾਂ ਜਿੱਤਣ ਵਿੱਚ ਸਫ਼ਲ ਰਿਹਾ।