ਨਵੀਂ ਦਿੱਲੀ, 10 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਨ ’ਤੇ ਧੰਨਵਾਦ ਮਤੇ ’ਤੇ ਚਰਚਾ ਦਾ ਜੁਆਬ ਦਿੰਦਿਆਂ ਕਿਹਾ ਕਿ ਇਹ ਸਦਨ, ਸਾਡੀ ਸਰਕਾਰ ਤੇ ਅਸੀਂ ਸਾਰੇ ਖੇਤੀ ਕਾਨੂੰਨਾਂ ਬਾਰੇ ਆਪਣੇ ਵਿਚਾਰ ਰੱਖ ਰਹੇ ਕਿਸਾਨਾਂ ਦਾ ਸਨਮਾਨ ਕਰਦੇ ਹਾਂ। ਇਸੇ ਕਾਰਨ ਸਾਡੇ ਮੰਤਰੀ ਕਿਸਾਨਾਂ ਨਾਲ ਵਾਰ ਵਾਰ ਗੱਲ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਖੇਤੀ ਕਾਨੂੰਨ ਲਾਗੂ ਹੋਣ ਬਾਅਦ ਦੇਸ਼ ਵਿੱਚ ਕਿਧਰੇ ਵੀ ਮੰਡੀ ਬੰਦ ਨਹੀਂ ਹੋਈ ਤੇ ਨਾ ਹੀ ਐੱਮਐੱਸਪੀ ਬੰਦੀ ਹੋਈ, ਸਗੋਂ ਐੱਮਐੱਸਪੀ ’ਤੇ ਖਰੀਦ ਵਧੀ ਹੈ। ਇਹ ਸੱਚਾਈ ਹੈ ਤੇ ਇਸ ਤੋਂ ਮੁੱਨਕਰ ਨਹੀਂ ਹੋਇਆ ਜਾ ਸਕਦਾ। ਜਿਹੜੇ ਸਦਨ ਵਿੱਚ ਸੋਚੀ ਸਮਝੀ ਰਣਨੀਤੀ ਤਹਿਤ ਖ਼ਲਲ ਪਾਉਂਦੇ ਹਨ ਉਹ ਵੀ ਇਸ ਸੱਚਾਈ ਤੋਂ ਵਾਕਫ਼ ਹਨ। ਕਾਂਗਰਸ ’ਤੇ ਟਿਪਣੀ ਕਰਦਿਆਂ ਕਿਹਾ ਕਿ ਇਸੇ ਕਰਕੇ ਸਦਨ ਵਿੱਚ ਤਿੰਨੇ ਖੇਤੀ ਕਾਨੂੰਨਾਂ ਦੇ ਵਿਸ਼ੇ (ਕੰਟੈਂਟ) ਤੇ ਇਰਾਦੇ (ਇੰਟੈਂਟ) ’ਤੇ ਗੱਲ ਨਹੀਂ ਕੀਤੀ।ਪ੍ਰਧਾਨ ਮੰਤਰੀ ਦੇ ਭਾਸ਼ਨ ਦੌਰਾਨ ਸਦਨ ਵਿੱਚ ਹੰਗਾਮਾ ਹੋਇਆ ਤੇ ਕਾਂਗਰਸ ਨੇ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀ ਹਰ ਮੱਦ ’ਤੇ ਚਰਚਾ ਕਰਨ ਲਈ ਤਿਆਰ ਹੈ ਜਿਹੜੀ ਮੱਦ ਖਾਮੀਆਂ ਭਰਪੂਰ ਹੈ ਉਸ ਨੂੰ ਬਦਲਣ ਵਿੱਚ ਕੋਈ ਇਤਰਾਜ਼ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਖਤੀ ਕਾਨੂੰਨਾਂ ‘ਤੇ ਰਾਜ ਸਭਾ ਤੇ ਲੋਕ ਸਭਾ ਵਿੱਚ ਵੱਖੋ ਵੱਖਰਾ ਸਟੈਂਡ ਹੈ। ਇਹ ਵੰਡੀ ਹੋਈ ਤੇ ਬੌਂਦਲੀ ਹੋਈ ਪਾਰਟੀ ਹੈ। ਇਸੇ ਕਰਕੇ ਇਸ ਪਾਰਟੀ ਨੇ ਦੇਸ਼ ਦਾ ਬਹੁਤਾ ਨਹੀਂ ਸੰਵਾਰਿਆ।
ਵਿਸ਼ਵ ਸਥਿਰ ਵਿਕਾਸ ਸੰਮੇਲਨ (ਡਬਲਿਊਐੱਸਡੀਐੱਸ)-2021 ਦਾ ਉਦਘਾਟਨ ਕਰਨ ਮਗਰੋਂ ਵੀਡੀਓ ਕਾਨਫਰੰਸ ਦੌਰਾਨ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਾਤਾਵਰਨ ਤਬਦੀਲੀ ਨਾਲ ਲੜਨ ਦਾ ਰਾਹ ਵਾਤਾਵਰਨ ਨਿਆਂ ਵਿੱਚੋਂ ਹੀ ਨਿਕਲਦਾ ਹੈ। ਮੋਦੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮਨੁੱਖਤਾ ਦੀ ਪ੍ਰਗਤੀ ਦੋ ਗੱਲਾਂ ਨਾਲ ਨਿਰਧਾਰਿਤ ਹੋਵੇਗੀ। ਉਨ੍ਹਾਂ ਕਿਹਾ, ‘‘ਲੋਕਾਂ ਦੀ ਸਿਹਤ ਅਤੇ ਧਰਤੀ ਦੀ ਸਿਹਤ। ਇਹ ਦੋਵੇ ਆਪਸ ਵਿੱਚ ਜੁੜੇ ਹੋਏ ਹਨ।’’