ਮੈਨਪੁਰੀ (ਯੂਪੀ), 21 ਦਸੰਬਰ
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਬਾਅਦ ਰਾਜ ’ਚ ਪਾਰਟੀ ਦੀ ਸਰਕਾਰ ਬਣਨ ’ਤੇ ਤਿੰਨ ਮਹੀਨੇ ਅੰਦਰ ਜਾਤ ਆਧਾਰਿਤ ਜਨਗਣਨਾ ਕਰਵਾ ਕੇ ਅਬਾਦੀ ਦੇ ਹਿਸਾਬ ਨਾਲ ਸਾਰਿਆਂ ਨੂੰ ਹੱਕ ਤੇ ਸਨਮਾਨ ਦਿੱਤਾ ਜਾਵੇਗਾ। ਅਖਿਲੇਸ਼ ਨੇ ਸੀਬੀਆਈ, ਆਮਦਨ ਕਰ ਵਿਭਾਗ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਭਾਜਪਾ ਦੇ ਸੈੱਲ ਕਰਾਰ ਦਿੱਤਾ ਤੇ ਦਾਅਵਾ ਕੀਤਾ ਕਿ ਸਪਾ ਨੂੰ ਮਿਲ ਰਹੀ ਹਮਾਇਤ ਤੋਂ ਘਬਰਾਈ ਭਾਜਪਾ ਨੇ ਉਸ ਦੇ ਮੁਕਾਬਲੇ ਆਪਣੇ ’ਚ ਛੇ ਰੱਥ ਮੈਦਾਨ ’ਚ ਉਤਾਰ ਦਿੱਤੇ ਹਨ ਪਰ ਉਹ ਭਾਜਪਾ ਦੇ ਰੱਥ ਨੂੰ ਟੱਕਰ ਨਹੀਂ ਦੇ ਪਾ ਰਹੇ।
ਸਪਾ ਪ੍ਰਧਾਨ ਨੇ ਇੱਥੇ ਸਮਾਜਵਾਦੀ ਵਿਜੈ ਰੱਥ ਯਾਤਰਾ ਦੌਰਾਨ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਸਾਡੇ ਤੇ ਤੁਹਾਡੇ ’ਤੇ ਦੋਸ਼ ਲੱਗਦਾ ਹੈ ਕਿ ਅਸੀਂ ਕਿਸੇ ਦਾ ਹੱਕ ਖੋਹ ਰਹੇ ਹਾਂ ਪਰ ਜਾਤ ਆਧਾਰਿਤ ਜਨਗਣਨਾ ਨਾਲ ਸਭ ਕੁਝ ਸਪੱਸ਼ਟ ਹੋ ਜਾਵੇਗਾ। ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਦੀ ਸਰਕਰ ਬਣਨ ਦੇ ਤਿੰਨ ਮਹੀਨੇ ਅੰਦਰ ਜਾਤ ਆਧਾਰਿਤ ਜਨਗਣਨਾ ਕੀਤੀ ਜਾਵੇਗੀ ਤੇ ਆਬਾਦੀ ਦੇ ਹਿਸਾਬ ਨਾਲ ਸਾਰਿਆਂ ਨੂੰ ਹੱਕ ਤੇ ਸਨਮਾਨ ਦਿੱਤਾ ਜਾਵੇਗਾ। ਲੋਕਾਂ ਨੂੰ ਪਤਾ ਹੈ ਕਿ ਅਸੀਂ ਜੋ ਵਾਅਦੇ ਕੀਤੇ ਉਨ੍ਹਾਂ ਨੂੰ ਪੂਰਾ ਕੀਤਾ ਹੈ।’’ ਅਖਿਲੇਸ਼ ਨੇ ਆਪਣਾ ਚਾਚਾ ਸ਼ਿਵਪਾਲ ਸਿੰਘ ਯਾਦਵ ਦੀ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਦਾ ਜ਼ਿਕਰ ਕਰਦਿਆਂ ਕਿਹਾ, ‘ਜਿਵੇਂ ਹੀ ਅਸੀਂ ਉਨ੍ਹਾਂ ਦੀ ਪਾਰਟੀ ਨੂੰ ਨਾਲ ਲਿਆ ਤਾਂ ਦਿੱਲੀ ਤੋਂ ਭਾਜਪਾ ਦੇ ਆਈਟੀ, ਸੀਬੀਆਈ ਤੇ ਈਡੀ ਵਿਭਾਗ ਸਰਗਰਮ ਹੋ ਗਏ। ਹੁਣ ਜਿਵੇਂ ਜਿਵੇਂ ਚੋਣਾਂ ਨੇੜੇ ਆਉਣਗੀਆਂ ਅਤੇ ਭਾਜਪਾ ਨੂੰ ਹਾਰ ਦਾ ਡਰ ਤੰਗ ਕਰੇਗਾ ਤੇ ਇਹ ਦਿੱਲੀ ਵਾਲੇ ਉੱਤਰ ਪ੍ਰਦੇਸ਼ ’ਚ ਹੋਰ ਵੀ ਜ਼ਿਆਦਾ ਆਉਣਗੇ।’ -ਪੀਟੀਆਈ