ਜੰਮੂ, 14 ਮਈ
ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਆਪਣਾ ਪੱਖ ਦੁਹਰਾਉਂਦਿਆਂ ਕਿਹਾ ਕਿ ਅਗਸਤ 2019 ਵਿਚ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਖ਼ਤਮ ਕਰਨਾ ‘ਗੈਰ-ਸੰਵਿਧਾਨਕ ਤੇ ਗੈਰਕਾਨੂੰਨੀ’ ਸੀ। ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਾਰ ਨਹੀਂ ਮੰਨੇਗੀ ਤੇ ਲੋਕਾਂ ਦੇ ਹੱਕਾਂ ਲਈ ਸ਼ਾਂਤੀਪੂਰਨ ਢੰਗ ਨਾਲ ਸੰਘਰਸ਼ ਜਾਰੀ ਰੱਖੇਗੀ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਹਾਲਾਤ ਆਮ ਨਹੀਂ ਹਨ ਤੇ ਭਾਜਪਾ ਨਾਲ ਜੁੜੇ ਲੋਕਾਂ ਨੂੰ ਛੱਡ ਕੇ ਹਰ ਕੋਈ ਨਿਰਾਸ਼ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਜੰਮੂ ਕਸ਼ਮੀਰ ਦੇ ਨਾਂ ਨਾਲੋਂ ਸੂਬਾ ਸ਼ਬਦ ਖ਼ਤਮ ਕਰਨ ਲਈ ਐਨੇ ਕਾਹਲੇ ਹਨ ਕਿ ਰਾਜ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਕੁਝ ਬੱਸਾਂ ਉਤੋਂ ਵੀ ਸੂਬਾ ਸ਼ਬਦ ਦਾ ਜ਼ਿਕਰ ਹਟਾ ਦਿੱਤਾ ਗਿਆ ਹੈ। ਪੁਣਛ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਮਰ ਨੇ ਕਿਹਾ ਕਿ ਐੱਨਸੀ ਸੜਕਾਂ ਉਤੇ ਨਹੀਂ ਉਤਰੇਗੀ ਤੇ ਨਾ ਹੀ ਲੋਕਾਂ ਨੂੰ ਅਜਿਹਾ ਕਰਨ ਲਈ ਕਹੇਗੀ। ਅਜਿਹਾ ਕਰਨਾ ਲੋਕਾਂ ਦੀ ਗ੍ਰਿਫ਼ਤਾਰੀ ਦਾ ਰਾਹ ਹੀ ਖੋਲ੍ਹੇਗਾ ਤੇ ਲੋਕਾਂ ਨੂੰ ਜ਼ੁਲਮ ਸਹਿਣਾ ਪਵੇਗਾ। ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਸੁਪਰੀਮ ਕੋਰਟ ਵਿਚ ਧਾਰਾ 370 ’ਤੇ ਸੁਣਵਾਈ ਜਲਦੀ ਸ਼ੁਰੂ ਹੋਵੇਗੀ। ਐੱਨਸੀ ਆਗੂ ਨੇ ਨਾਲ ਹੀ ਕਿਹਾ ਕਿ ਮੁਲਕ ਵਿਚ ਧਰੁਵੀਕਰਨ ਦੀ ਖ਼ਤਰਨਾਕ ਖੇਡ ਖੇਡੀ ਜਾ ਰਹੀ ਹੈ।
ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਲੋਕ ਜੰਮੂ ਕਸ਼ਮੀਰ ਤੋਂ ਬਾਹਰ ਜਾਣ ਤੋਂ ਡਰ ਰਹੇ ਹਨ, ਬਹੁਤੇ ਥਾਈਂ ਪਹਿਲਾਂ ਹੀ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। -ਪੀਟੀਆਈ