ਪੁਣੇ, 6 ਜੂਨ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਮਰਾਠਿਆਂ ਨੂੰ ਰਾਖਵਾਂਕਰਨ ਦੇਣ ਲਈ ‘ਹਰ ਸੰਭਵ ਕੋਸ਼ਿਸ਼’ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਰਾਠਿਆਂ ਲਈ ਰਾਖਵਾਂਕਰਨ ਨਿਰਧਾਰਿਤ ਕਰਨ ਮੌਕੇ ਹੋਰਨਾਂ ਭਾਈਚਾਰਿਆਂ/ਵਰਗਾਂ ਨੂੰ ਮਿਲਦੇ ਮੌਜੂਦਾ ਕੋਟੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ। ਚੇਤੇ ਰਹੇ ਕਿ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਮਰਾਠਿਆਂ ਨੂੰ ਸਰਕਾਰੀ ਨੌਕਰੀਆਂ ਤੇ ਵਿਦਿਅਕ ਅਦਾਰਿਆਂ ਵਿੱਚ ਦਾਖਲੇ ਮੌਕੇ ਦਿੱਤੇ ਰਾਖਵੇਂਕਰਨ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਰਾਖਵਾਂਕਰਨ ਦੀ ਹੱਦ 50 ਫੀਸਦ ਤੋਂ ਵੱਧ ਨਹੀਂ ਹੋ ਸਕਦੀ। ਇਸ ਦੌਰਾਨ ਮਰਾਠਾ ਭਾਈਚਾਰੇ ਲਈ ਰਾਖਵੇਂਕਰਨ ਦੀ ਮੰਗ ਕਰਦਿਆਂ ਕੱਢੀ ਰੈਲੀ, ਜਿਸ ਵਿੱਚ 3000 ਦੇ ਕਰੀਬ ਲੋਕ ਸ਼ਾਮਲ ਸਨ, ਦੀ ਅਗਵਾਈ ਕਰਨ ਵਾਲੇ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਵਿਨਾਇਕ ਮੇਟੇ ਖ਼ਿਲਾਫ਼ ਕੋਵਿਡ-19 ਨੇਮਾਂ ਦੀ ਉਲੰਘਣਾ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪਵਾਰ ਦੀਆਂ ਉਪਰੋਕਤ ਟਿੱਪਣੀਆਂ ਅਜਿਹੇ ਮੌਕੇ ਸਾਹਮਣੇ ਆਈਆਂ ਹਨ ਜਦੋਂ ਅਜੇ ਦੋ ਦਿਨ ਪਹਿਲਾਂ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਦਿਲੀਪ ਭੋਸਲੇ ਦੀ ਅਗਵਾਈ ਵਾਲੀ ਕਮੇਟੀ ਨੇ ਆਪਣੀ ਇਕ ਰਿਪੋਰਟ ਵਿੱਚ ਸਿਫਾਰਿਸ਼ ਕੀਤੀ ਹੈ ਕਿ ਮਹਾਰਾਸ਼ਟਰ ਸਰਕਾਰ ਸਿਖਰਲੀ ਅਦਾਲਤ ਦੇ ਉਪਰੋਕਤ ਫੈਸਲੇ ਨੂੰ ਚੁਣੌਤੀ ਦੇਣ ਲਈ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰੇ। ਪਵਾਰ ਪੁਣੇ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਵਿੱਚ ਕਰਵਾਏ ਸਮਾਗਮ ਤੋਂ ਇਕ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪਵਾਰ ਨੇ ਕਿਹਾ, ‘‘ਅਸੀਂ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਿੱਚ ਮਰਾਠਾ ਭਾਈਚਾਰੇ ਨੂੰ ਰਾਖਵਾਂਕਰਨ ਦੇਣ ਲਈ ਹਰ ਸੰਭਵ ਕੋਸ਼ਿਸ਼ਾਂ ਕਰ ਰਹੇ ਹਾਂ।’’ -ਪੀਟੀਆਈ
ਸੰਬਾਜੀਰਾਜੇ ਵੱਲੋਂ ਮਰਾਠਾ ਰਾਖਵਾਂਕਰਨ ਲਈ ਰੋਸ ਮਾਰਚ ਦਾ ਐਲਾਨ
ਮੁੰਬਈ: ਭਾਜਪਾ ਦੇ ਸੰਸਦ ਮੈਂਬਰ ਸੰਬਾਜੀਰਾਜੇ ਛਤਰਪਤੀ ਨੇ ਮਰਾਠਾ ਭਾਈਚਾਰੇ ਲਈ ਰਾਖਵਾਂਕਰਨ ਦੀ ਮੰਗ ਕਰਦਿਆਂ 16 ਜੂਨ ਤੋਂ ਮਹਾਰਾਸ਼ਟਰ ਦੇ ਕੋਲ੍ਹਾਪੁਰ ਤੋਂ ਧਰਨੇ ਪ੍ਰਦਰਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸ਼ਿਵਾਜੀ ਮਹਾਰਾਜ ਦੀ ‘ਛਤਰਪਤੀ’ ਵਜੋਂ ਰਾਜ ਤਿਲਕ ਦੀ ਵਰ੍ਹੇਗੰਢ ਮੌਕੇ ਰਾਏਗੜ੍ਹ ਕਿਲ੍ਹੇ ਵਿੱਚ ਸ਼ਿਵਾਜੀ ਮਹਾਰਾਜ ਨੂੰ ਸ਼ਰਧਾਂਜਲੀ ਦਿੰਦਿਆਂ ਸੰਬਾਜੀਰਾਜੇ ਨੇ ਕਿਹਾ ਕਿ ਛਤਰਪਤੀ ਸਾਹੂ ਮਹਾਰਾਜ ਦੀ ਸਮਾਧੀ ਤੋਂ ਰੋਸ ਮਾਰਚ ਕੱਢਿਆ ਜਾਵੇਗਾ। ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਉਹ ਰਾਖਵੇਂਕਰਨ ਦੀ ਮੰਗ ਲਈ ਪੂਰੇ ਸੂਬੇ ਦਾ ਦੌਰਾ ਕਰਨਗੇ। -ਪੀਟੀਆਈ