ਨਵੀਂ ਦਿੱਲੀ, 5 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਪੈਟਰੋਲ ਵਿੱਚ 20 ਫ਼ੀਸਦੀ ਤੱਕ ਈਥਾਨੋਲ ਮਿਲਾਉਣ ਦਾ ਟੀਚਾ ਪੰਜ ਵਰ੍ਹੇ ਪਹਿਲਾਂ ਭਾਵ 2025 ਵਿੱਚ ਹੀ ਪੂਰਾ ਕਰ ਲਵੇਗਾ ਜਦਕਿ ਇਹ ਸਾਲ 2030 ਵਿੱਚ ਪੂਰਾ ਹੋਣਾ ਸੀ। ਵਿਸ਼ਵ ਭਰ ਵਿੱਚੋਂ ਤੇਲ ਵੱਡੀ ਮਾਤਰਾ ਵਿੱਚ ਦਰਾਮਦ ਕਰਨ ’ਚ ਭਾਰਤ ਤੀਜੇ ਨੰਬਰ ’ਤੇ ਹੈ। ਹੁਣ ਇਸ ਵੱਲੋਂ ਵਿਦੇਸ਼ੀ ਮੁਲਕਾਂ ’ਤੇ ਤੇਲ ਲਈ ਨਿਰਭਰਤਾ ਘਟਾਉਣ ਦੇ ਯਤਨ ਵਿੱਢੇ ਗਏ ਹਨ।
‘ਵਿਸ਼ਵ ਵਾਤਾਵਰਨ ਦਿਵਸ’ ਮੌਕੇ ‘ਈਥਾਨੋਲ ਮਿਲਾਉਣ ਸਬੰਧੀ ਰੋਡਮੈਪ 2020-25’ ਜਾਰੀ ਕਰਨ ਮੌਕੇ ਸ੍ਰੀ ਮੋਦੀ ਨੇ ਕਿਹਾ,‘ਪੈਟਰੋਲ ਵਿੱਚ 20 ਫ਼ੀਸਦੀ ਈਥਾਨੋਲ ਮਿਲਾਉਣ ਦਾ ਟੀਚਾ ਹੁਣ 2030 ਦੇ ਮੁਕਾਬਲੇ 2025 ਵਿੱਚ ਪੂਰਾ ਕਰ ਲਿਆ ਜਾਵੇਗਾ।’ ਦੱਸਣਯੋਗ ਹੈ ਕਿ ਪਿਛਲੇ ਵਰ੍ਹੇ ਤੇਲ ਕੰਪਨੀਆਂ ਨੇ ਈਥਾਨੋਲ ਖਰੀਦਣ ’ਤੇ 21,000 ਕਰੋੜ ਰੁਪਏ ਖ਼ਰਚੇ ਸਨ। ਸ੍ਰੀ ਮੋਦੀ ਨੇ ਕਿਹਾ ਕਿ ਈਥਾਨੋਲ ’ਤੇ ਜ਼ੋਰ ਦੇਣ ਦਾ ਕਾਰਨ ਵਾਤਾਵਰਨ ਦੇ ਨਾਲ-ਨਾਲ ਕਿਸਾਨਾਂ ’ਤੇ ਚੰਗਾ ਪ੍ਰਭਾਵ ਪਾਉਣਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਕਮਾਈ ਦਾ ਇੱਕ ਹੋਰ ਸਾਧਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਈਥਾਨੋਲ ਦੀ ਖਰੀਦ ਵਿੱਚ ਹੋਏ ਅੱਠ ਗੁਣਾ ਵਾਧੇ ਨੇ ਮੁਲਕ ਦੇ ਗੰਨਾ ਉਤਪਾਦਕਾਂ ਨੂੰ ਲਾਭ ਪਹੁੰਚਾਇਆ ਹੈ। ਆਪਣੇ ਭਾਸ਼ਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਈਥਾਨੋਲ ਪਲਾਂਟਾਂ ਤੋਂ ਮਿਲੇ ਅਨੁਭਵ ਬਾਰੇ ਜਾਣਨ ਲਈ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਤੇ ਗੁਜਰਾਤ ਦੇ ਕੁਝ ਕਿਸਾਨਾਂ ਨਾਲ ਗੱਲਬਾਤ ਕੀਤੀ, ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਇਆ। ਉਨ੍ਹਾਂ ਕਿਹਾ ਕਿ ਭਾਰਤ ਜਲਵਾਯੂ ਨਿਆਂ ਦਾ ਮਜ਼ਬੂਤ ਸਮਰਥਕ ਹੈ। ਉਨ੍ਹਾਂ ਕਿਹਾ ਕਿ ਭਾਰਤ ਜਲਵਾਯੂ ਪਰਿਵਰਤਨ ਮਤੇ ਦਾ ਸਮਰਥਕ ਹੈ ਤੇ ਜਲਵਾਯੂ ਪਰਿਵਰਤਨ ਸਬੰਧੀ ਮਤੇ ਦੇ ਇੰਡੈਕਸ ਵਿੱਚ ਆਉਣ ਵਾਲੇ 10 ਮੁਲਕਾਂ ’ਚ ਭਾਰਤ ਦੀ ਵੀ ਥਾਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜਿਹੇ 11 ਖੇਤਰਾਂ ਦੀ ਪਛਾਣ ਕੀਤੀ ਹੈ ਜੋ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰ ਕੇ ਰੀਸਾਈਕਲਿੰਗ ਰਾਹੀਂ ਸਰੋਤਾਂ ਦੀ ਚੰਗੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਪੁਣੇ ਵਿੱਚ ਤਿੰਨ ਜਗ੍ਹਾਵਾਂ ’ਤੇ ‘ਈ- 100 ਵੰਡ ਸਟੇਸ਼ਨ’ ਪਾਇਲਟ ਪ੍ਰਾਜੈਕਟ ਵੀ ਲਾਂਚ ਕੀਤਾ। -ਪੀਟੀਆਈ
ਕੁਦਰਤ ਨਾਲ ਸੁਮੇਲ ਬਣਾ ਕੇ ਜਿਊਣਾ ਭਾਰਤੀ ਪਰੰਪਰਾ ਦਾ ਧੁਰਾ: ਕੋਵਿੰਦ
ਨਵੀਂ ਦਿੱਲੀ: ‘ਵਿਸ਼ਵ ਵਾਤਾਵਰਨ ਦਿਵਸ’ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਕੁਦਰਤ ਨਾਲ ਸੁਮੇਲ ਬਣਾ ਕੇ ਜਿਊਣਾ ਭਾਰਤੀ ਪਰੰਪਰਾ ਦਾ ਕੇਂਦਰੀ ਧੁਰਾ ਰਿਹਾ ਹੈ। ਹਰ ਸਾਲ 5 ਜੂਨ ਨੂੰ ‘ਵਿਸ਼ਵ ਵਾਤਾਵਰਨ ਦਿਵਸ’ ਮਨਾਇਆ ਜਾਂਦਾ ਹੈ। ਸ੍ਰੀ ਕੋਵਿੰਦ ਨੇ ਟਵੀਟ ਕਰਦਿਆਂ ਕਿਹਾ,‘ਕੁਦਰਤ ਨਾਲ ਸੁਮੇਲ ਬਣਾ ਕੇ ਚੱਲਣਾ ਤੇ ਜੀਵ-ਵਿਭਿੰਨਤਾ ਦੀ ਰੱਖਿਆ ਕਰਨਾ ਭਾਰਤੀ ਪਰੰਪਰਾ ਤੇ ਸੱਭਿਆਚਾਰ ਦਾ ਕੇਂਦਰੀ ਧੁਰਾ ਰਿਹਾ ਹੈ। ‘ਵਿਸ਼ਵ ਵਾਤਾਵਰਨ ਦਿਵਸ’ ਮੌਕੇ ਅੱਜ ਜਿੱਥੇ ਮਨੁੱਖਤਾ ਵੱਲੋਂ ਕੋਵਿਡ- 19 ਖ਼ਿਲਾਫ਼ ਲੜਾਈ ਲੜੀ ਜਾ ਰਹੀ ਹੈ, ਉੱਥੇ ਅਸੀਂ ਸੁਰੱਖਿਅਤ ਭਵਿੱਖ ਲਈ ਆਲਮੀ ਪੱਧਰ ’ਤੇ ਭਾਈਚਾਰੇ ਨਾਲ ਕੰਮ ਕਰਨ ਦੀ ਵਚਨਬੱਧਤਾ ਨੂੰ ਮੁੜ ਦੁਹਰਾਉਂਦੇ ਹਾਂ।’ -ਪੀਟੀਆਈ