ਨਵੀਂ ਦਿੱਲੀ, 15 ਜਨਵਰੀ
ਥਲ ਸੈਨਾ ਮੁਖੀ ਜਨਰਲ ਐੱਮ ਐੱਮ ਨਰਵਾਣੇ ਨੇ ਕਿਹਾ ਹੈ ਕਿ ਭਾਰਤੀ ਫ਼ੌਜ ਦਾ ਸੁਨੇਹਾ ਸਪੱਸ਼ਟ ਹੈ ਕਿ ਉਹ ਮੁਲਕ ਦੀ ਸਰਹੱਦ ’ਤੇ ਸਥਿਤੀ ’ਚ ਇਕਪਾਸੜ ਬਦਲਾਅ ਦੀ ਕਿਸੇ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਇਥੇ ਸੈਨਾ ਦਿਵਸ ਪਰੇਡ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲਾ ਵਰ੍ਹਾ ਫ਼ੌਜ ਲਈ ਚੁਣੌਤੀਆਂ ਭਰਪੂਰ ਸੀ। ਉਨ੍ਹਾਂ ਚੀਨ ਨਾਲ ਲਗਦੀ ਉੱਤਰੀ ਸਰਹੱਦਾਂ ’ਤੇ ਘਟਨਾਕ੍ਰਮ ਦਾ ਹਵਾਲਾ ਦਿੱਤਾ। ਸੈਨਾ ਦਿਵਸ 1949 ’ਚ ਭਾਰਤੀ ਫ਼ੌਜ ਦੇ ਪਹਿਲੇ ਭਾਰਤੀ ਕਮਾਂਡਰ ਇਨ ਚੀਫ਼ ਵਜੋਂ ਫੀਲਡ ਮਾਰਸ਼ਲ ਕੇ ਐੱਮ ਕਰੀਅੱਪਾ ਵੱਲੋਂ ਕਮਾਨ ਸੰਭਾਲਣ ਦੀ ਯਾਦ ’ਚ ਹਰ ਵਰ੍ਹੇ 15 ਜਨਵਰੀ ਨੂੰ ਮਨਾਇਆ ਜਾਂਦਾ ਹੈ। ਪੂਰਬੀ ਲੱਦਾਖ ’ਚ ਤਣਾਅ ਵੱਲ ਇਸ਼ਾਰਾ ਕਰਦਿਆਂ ਜਨਰਲ ਨਰਵਾਣੇ ਨੇ ਕਿਹਾ ਕਿ ਹਾਲਾਤ ਕੰਟਰੋਲ ’ਚ ਰੱਖਣ ਲਈ ਭਾਰਤ ਅਤੇ ਚੀਨ ਵਿਚਕਾਰ ਫ਼ੌਜੀ ਪੱਧਰ ਦੀ 14ਵੇਂ ਗੇੜ ਦੀ ਵਾਰਤਾ ਹੁਣੇ ਹੋਈ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਪੱਧਰਾਂ ’ਤੇ ਸਾਂਝੀਆਂ ਕੋਸ਼ਿਸ਼ਾਂ ਨਾਲ ਕਈ ਇਲਾਕਿਆਂ ’ਚ ਫ਼ੌਜ ਦੇ ਪਿੱਛੇ ਹਟਣ ਦਾ ਕੰਮ ਮੁਕੰਮਲ ਹੋਇਆ ਹੈ ਜੋ ਆਪਣੇ ਆਪ ’ਚ ਉਸਾਰੂ ਕਦਮ ਹੈ। ਜਨਰਲ ਨਰਵਾਣੇ ਨੇ ਕਿਹਾ ਕਿ ਸੁਰੱਖਿਆ ਆਧਾਰ ’ਤੇ ਮੌਜੂਦਾ ਹਾਲਾਤ ਦਾ ਹੱਲ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ।
ਉਨ੍ਹਾਂ ਕਿਹਾ ਕਿ ਮੁਲਕ ਦੀ ਸੁਰੱਖਿਆ ਲਈ ਬਰਫ਼ ਨਾਲ ਢੱਕੀਆਂ ਚੋਟੀਆਂ ’ਤੇ ਤਾਇਨਾਤ ਜਵਾਨਾਂ ਦਾ ਹੌਸਲਾ ਬੁਲੰਦ ਹੈ। ਥਲ ਸੈਨਾ ਮੁਖੀ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਕੰਟਰੋਲ ਰੇਖਾ ’ਤੇ ਹਾਲਾਤ ਬਿਹਤਰ ਹਨ ਪਰ ਪਾਕਿਸਤਾਨ ਹੁਣ ਵੀ ਅਤਿਵਾਦੀਆਂ ਨੂੰ ਪਨਾਹ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਹੱਦ ਨਾਲ ਲਗਦੇ ਇਲਾਕਿਆਂ ’ਚ ਕੈਂਪਾਂ ਅੰਦਰ 300 ਤੋਂ 400 ਅਤਿਵਾਦੀ ਮੌਜੂਦ ਹਨ ਜੋ ਭਾਰਤ ’ਚ ਘੁਸਪੈਠ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡਰੋਨਾਂ ਦੀ ਸਹਾਇਤਾ ਨਾਲ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਦੋ ਸਾਲਾਂ ’ਚ ਜੰਮੂ ਕਸ਼ਮੀਰ ਦੇ ਅੰਦਰੂਨੀ ਇਲਾਕਿਆਂ ’ਚ ਹਾਲਾਤ ਸੁਧਰੇ ਹਨ। -ਪੀਟੀਆਈ
ਮਹਿਲਾਵਾਂ ਨੂੰ ਸਥਾਈ ਕਮਿਸ਼ਨ ਸਬੰਧੀ ਡਾਕ ਟਿਕਟ ਜਾਰੀ
ਨਵੀਂ ਦਿੱਲੀ: ਫ਼ੌਜ ਮੁਖੀ ਜਨਰਲ ਐੱਮ.ਐੱਮ. ਨਰਵਾਣੇ ਵੱਲੋਂ ਅੱਜ ਭਾਰਤੀ ਫ਼ੌਜ ਵਿਚ ਮਹਿਲਾਵਾਂ ਨੂੰ ਸਥਾਈ ਕਮਿਸ਼ਨ ਦਿੱਤੇ ਜਾਣ ਨੂੰ ਸਮਰਪਿਤ ਇਕ ਡਾਕ ਟਿਕਟ ਜਾਰੀ ਕੀਤੀ ਗਈ। ਜ਼ਿਕਰਯੋਗ ਹੈ ਕਿ ਫਰਵਰੀ 2020 ਵਿਚ ਸੁਪਰੀਮ ਕੋਰਟ ਨੇ ਇਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਕੇਂਦਰ ਸਰਕਾਰ ਨੂੰ ਮਹਿਲਾ ਸ਼ਾਰਟ ਸਰਵਿਸ ਕਮਿਸ਼ਨ ਦੀਆਂ ਅਧਿਕਾਰੀਆਂ ਨੂੰ ਫ਼ੌਜ ਵਿਚ ਸਥਾਈ ਕਮਿਸ਼ਨ ਦੇਣਾ ਯਕੀਨੀ ਬਣਾਉਣ ਲਈ ਕਿਹਾ ਸੀ। -ਪੀਟੀਆਈ