ਨਵੀਂ ਦਿੱਲੀ, 17 ਜੂਨ
ਸੀਬੀਐੱਸਈ ਨੇ ਅੱਜ ਸੁਪਰੀਮ ਕੋਰਟ ਵਿੱਚ ਕਿਹਾ ਕਿ ਦੇਸ਼ ਭਰ ਵਿੱਚ ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਵਿਚਾਲੇ ਬਾਰ੍ਹਵੀਂ ਜਮਾਤ ਦੇ ਬਾਕੀ ਰਹਿੰਦੇ ਪੇਪਰ 1 ਤੋਂ 15 ਜੁਲਾਈ ਤੱਕ ਲੈਣ ਸਬੰਧੀ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਕਰਦੀ ਪਟੀਸ਼ਨ ਵਿੱਚ ਉਠਾਏ ਗਏ ਮੁੱਦਿਆਂ ਸਬੰਧੀ ਉਸ ਵੱਲੋਂ ਬਹੁਤ ਜਲਦ ਫ਼ੈਸਲਾ ਲਿਆ ਜਾਵੇਗਾ। ਇਹ ਪਟੀਸ਼ਨ ਕੁਝ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਦਾਇਰ ਕੀਤੀ ਗਈ ਹੈ। ਉਨ੍ਹਾਂ ਦੀ ਮੰਗ ਹੈ ਕਿ ਨਤੀਜਾ ਪਹਿਲਾਂ ਹੋ ਚੁੱਕੇ ਪੇਪਰਾਂ ਦੇ ਆਧਾਰ ’ਤੇ ਐਲਾਨ ਦਿੱਤਾ ਜਾਵੇ ਅਤੇ ਬਾਕੀ ਰਹਿੰਦੇ ਪੇਪਰਾਂ ਦੇ ਨੰਬਰ ਅੰਦਰੂਨੀ ਮੁਲਾਂਕਣ ਦੇ ਨੰਬਰਾਂ ਨਾਲ ਔਸਤ ਆਧਾਰ ’ਤੇ ਦੇ ਦਿੱਤੇ ਜਾਣ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਵੱਲੋਂ ਪੇਸ਼ ਹੋਏ ਵਕੀਲ ਨੇ ਜਸਟਿਸ ਏ.ਐੱਮ. ਖਾਨਵਿਲਕਰ ਦੀ ਅਗਵਾਈ ਹੇਠਲੇ ਇਕ ਬੈਂਚ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਸੁਣਵਾਈ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ ਜਾਵੇ ਤਾਂ ਜੋ ਉਹ ਇਸ ਸਬੰਧੀ ਲਏ ਫ਼ੈਸਲੇ ਬਾਰੇ ਸਰਵਉੱਚ ਅਦਾਲਤ ਨੂੰ ਸੂਚਿਤ ਕਰ ਸਕਣ। ਅਦਾਲਤ ਨੇ ਸੀਬੀਐੱਸਈ ਦੇ ਵਕੀਲ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਮਾਮਲੇ ਦੀ ਅਗਲੀ ਸੁਣਵਾਈ 23 ਜੂਨ ਤੈਅ ਕਰ ਦਿੱਤੀ ਹੈ। -ਪੀਟੀਆਈ