ਜੰਮੂ, 18 ਫਰਵਰੀ
ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਜੰਗਲੀ ਇਲਾਕੇ ’ਚ ਸੁਰੱਖਿਆ ਬਲਾਂ ਨੇ ਵੱਡੀ ਗਿਣਤੀ ’ਚ ਹਥਿਆਰ ਬਰਾਮਦ ਕੀਤੇ ਹਨ। ਰੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਅੱਜ ਦੱਸਿਆ ਕਿ ਹਥਿਆਰਾਂ ’ਚ ਏਕੇ-47 ਰਾਈਫਲ, ਸੀਲਬੰਦ ਬਕਸੇ ’ਚ ਗੋਲੀਆਂ, ਇੱਕ ਸੈਲਫ ਲੋਡਿੰਗ ਰਾਈਫਲ (ਐੱਸਐੱਲਆਰ), 303 ਬੋਰ ਦੀ ਇਕ ਰਾਈਫਲ ਅਤੇ ਦੋ ਚੀਨੀ ਪਿਸਤੌਲ, ਮੈਗਜ਼ੀਨ ਤੇ ਗੋਲੀਆਂ ਮਿਲੀਆਂ ਹਨ। ਬੁਲਾਰੇ ਨੇ ਕਿਹਾ ਕਿ ਸੈਨਾ ਅਤੇ ਪੁਲੀਸ ਨੇ ਮੱਖੀਧਰ ਜੰਗਲ ਵਾਲੇ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਸੀ। ਉਨ੍ਹਾਂ ਦੱਸਿਆ ਕਿ ਜੰਮੂ ਖੇਤਰ ਦੇ ਪੀਰ ਪੰਜਾਲ ਰੇਂਜ ਦੇ ਦੱਖਣ ’ਚ ਸ਼ਾਂਤੀ ਤੇ ਵਿਕਾਸ ਪ੍ਰਕਿਰਿਆ ’ਚ ਅੜਿੱਕਾ ਪਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਪੁਲੀਸ ਤੇ ਫੌਜ ਵੱਲੋਂ ਚਲਾਈ ਜਾ ਰਹੀ ਸਾਂਝੀ ਮੁਹਿੰਮ ਤਹਿਤ ਇਹ ਬਰਾਮਦਗੀ ਹੋਈ ਹੈ। ਪੁਲੀਸ ਵੱਲੋਂ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਪੂਰੀ ਇਹਤਿਆਤ ਵਰਤੀ ਜਾ ਰਹੀ ਹੈ। -ਪੀਟੀਆਈ