ਬੇਤੂਲ(ਮੱਧ ਪ੍ਰਦੇਸ਼), 11 ਜੁਲਾਈ
ਮੱਧ ਪ੍ਰਦੇਸ਼ ਦੇ ਵਸਨੀਕ ਸੰਦੀਪ ਉਇਕੇ ਨੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਸਾਰੀਆਂ ਰਸਮਾਂ ਇੱਕੋ ਮੰਡਪ ਵਿੱਚ ਪੂਰੀਆਂ ਕਰਕੇ ਦੋ ਔਰਤਾਂ ਨਾਲ ਵਿਆਹ ਕਰਵਾ ਲਿਆ। ਇਕ ਲਾੜੀ ਸੰਦੀਪ ਦੀ ਪ੍ਰੇਮਿਕਾ ਹੈ, ਜਦਕਿ ਦੂਜੀ ਪਤਨੀ ਨੂੰ ਉਸ ਦੇ ਪਰਿਵਾਰ ਨੇ ਚੁਣਿਆ ਸੀ। ਹੁਣ ਪ੍ਰਸ਼ਾਸਨ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਸੰਦੀਪ ਘੋਦਾਦੋਂਗਰੀ ਬਲਾਕ ਦੇ ਕੇਰੀਆ ਪਿੰਡ ਦਾ ਵਸਨੀਕ ਹੈ। ਉਹ ਜਦੋਂ ਭੁਪਾਲ ਵਿੱਚ ਪੜ ਰਿਹਾ ਸੀ ਤਾਂ ਉਸ ਦੀਆਂ ਅੱਖਾਂ ਉਥੇ ਪੜ੍ਹਦੀ ਮੁਟਿਆਰ ਨਾਲ ਚਾਰ ਹੋ ਗਈਆਂ। ਦੂਜੇ ਪਾਸੇ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਲਈ ਇਕ ਹੋਰ ਲੜਕੀ ਪਸੰਦ ਕੀਤੀ ਸੀ। ਲੜਕੀ ਨਾਲ ਸੰਦੀਪ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਦੋਵਾਂ ਪਰਿਵਾਰਾਂ ਵਿੱਚ ਝਗੜਾ ਹੋ ਗਿਆ। ਮਾਮਲੇ ਨੂੰ ਸੁਲਝਾਉਣ ਲਈ ਤਿੰਨਾਂ ਪਰਿਵਾਰਾਂ ਨੇ ਪੰਚਾਇਤ ਬੁਲਾਈ ਸੀ, ਜਿੱਥੇ ਰਾਇ ਬਣੀ ਕਿ ਜੇ ਦੋਵੇਂ ਕੁੜੀਆਂ ਸੰਦੀਪ ਨਾਲ ਵਿਆਹ ਕਰਵਾ ਕੇ ਇੱਕਠੀਆਂ ਰਹਿਣ ਲਈ ਰਾਜ਼ੀ ਹਨ ਤਾਂ ਦੋਵਾਂ ਨੂੰ ਸੰਦੀਪ ਦੀ ਲਾੜੀ ਬਣਾ ਦਿਓ, ਜਿਸ ‘ਤੇ ਲੜਕੀਆਂ ਸਮੇਤ ਪਰਿਵਾਰ ਸਹਿਮਤ ਹੋ ਗਏ। ਇਸ ਤੋਂ ਬਾਅਦ ਤਿੰਨਾਂ ਨੇ ਅਗਨੀ ਦੇ ਸੱਤ ਫੇਰੇ ਲਏ।