ਪਟਨਾ, 5 ਜੁਲਾਈ
ਲੋਕ ਜਨਸ਼ਕਤੀ ਪਾਰਟੀ (ਐੱਲਜੇਪੀ) ਨੇਤਾ ਚਿਰਾਗ ਪਾਸਵਾਨ ਦਾ ਅੱਜ ਬਿਹਾਰ ਵਿੱਚ ਭਰਵਾਂ ਸਵਾਗਤ ਹੋਇਆ। ਪਿਤਾ ਰਾਮ ਵਿਲਾਸ ਪਾਸਵਾਨ (ਮਰਹੂਮ) ਵੱਲੋਂ ਸਥਾਪਤ ਐੱਲਜੇਪੀ ਵਿੱਚ ਗੁੱਟਬੰਦੀ ਹੋਣ ਮਗਰੋਂ ਉਹ ਪਹਿਲੀ ਵਾਰ ਬਿਹਾਰ ਦੌਰੇ ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪਿਤਾ ਰਾਮ ਵਿਲਾਸ ਦੇ ਜਨਮ ਦਿਨ ਮੌਕੇ ‘ਆਸ਼ੀਰਵਾਦ ਯਾਤਰਾ’ ਵੀ ਕੱਢੀ।
ਜਮੂਈ ਹਲਕੇ ਤੋਂ ਸੰਸਦ ਮੈਂਬਰ ਚਿਰਾਗ ਪਾਸਵਾਨ ਦੇ ਪਟਨਾ ਹਵਾਈ ਅੱਡੇ ’ਤੇ ਪਹੁੰਚਣ ਮੌਕੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਕਰੋਨਾ ਤੋਂ ਬਚਾਅ ਸਬੰਧੀ ਹਦਾਇਤਾਂ/ਨਿਯਮਾਂ ਦਾ ਖਿਆਲ ਵੀ ਨਾ ਰੱਖਿਆ ਗਿਆ, ਜੋ ਕਿ ਕਈ ਘੰਟਿਆਂ ਤੋਂ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਰਾਮ ਵਿਲਾਸ ਪਾਸਵਾਨ ਦੇ ਦੇਹਾਂਤ ਮਗਰੋਂ ਉਨ੍ਹਾਂ ਦੀ ਪਾਰਟੀ ’ਚ ਗੁੱਟਬਾਜ਼ੀ ਚੱਲ ਰਹੀ ਹੈ। ਉਨ੍ਹਾਂ ਦੇ ਬੇਟੇ ਚਿਰਾਗ ਪਾਸਵਾਨ ਅਤੇ ਭਰਾ ਪਸ਼ੂਪਤੀ ਕੁਮਾਰ ਪਾਰਸ ਦੋਵੇਂ ਹੀ ਪਾਸਵਾਨ ਦੀ ਸਿਆਸੀ ਵਿਰਾਸਤ ’ਤੇ ਦਾਅਵਾ ਜਤਾ ਰਹੇ ਹਨ।
ਨੀਲੀ ਪਗੜੀ ਬੰਨ੍ਹੀ ਚਿਰਾਗ ਪਾਸਵਾਨ ਜਦੋਂ ਹਵਾਈ ਅੱਡੇ ਤੋਂ ਬਾਹਰ ਨਿਕਲੇ ਤਾਂ ਸਮਰਥਕਾਂ ਨੇ ਨਾਅਰੇ ਲਾਉਂਦਿਆਂ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਦਿੱਲੀ ਤੋਂ ਬਿਹਾਰ ਰਵਾਨਾ ਹੋਣ ਤੋਂ ਪਹਿਲਾਂ ਚਿਰਾਗ ਨੇ ਆਪਣੇ ਪਿਤਾ ਬਾਰੇ ਇੱਕ ਕਿਤਾਬ ਵੀ ਲੋਕ ਅਰਪਣ ਕੀਤੀ।
ਦੂਜੇ ਪਾਸੇ ਪਸ਼ੂਪਤੀ ਕੁਮਾਰ ਪਾਰਸ ਨੇ ਐੱਲਜੇਪੀ ਦੇ ਸੂਬਾ ਹੈੱਡਕੁਆਰਟਰ ’ਚ ਆਪਣੇ ਭਰਾ ਮਰਹੂਮ ਪਾਸਵਾਨ ਦੀ ਜਨਮ ਵਰ੍ਹੇਗੰਢ ਮੌਕੇ ਕਰਵਾਏ ਸਮਾਗਮ ਦੀ ਪ੍ਰਧਾਨਗੀ ਕੀਤੀ। -ਪੀਟੀਆਈ
ਪ੍ਰਧਾਨ ਮੰਤਰੀ ਨੇ ਰਾਮ ਵਿਲਾਸ ਪਾਸਵਾਨ ਨੂੰ ਯਾਦ ਕੀਤਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਲਿਤ ਨੇਤਾ ਤੇ ਲੋਕ ਜਨਸ਼ਕਤੀ ਪਾਰਟੀ ਦੇ ਸੰਸਥਾਪਕ ਰਾਮ ਵਿਲਾਸ ਪਾਸਵਾਨ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਮੌਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਅਤੇ ਦੱਬੇ ਕੁਚਲੇ ਲੋਕਾਂ ਦੀ ਮਜ਼ਬੂਤੀ ਲਈ ਉਨ੍ਹਾਂ ਵੱਲੋਂ ਪਾਇਆ ਯੋਗਦਾਨ ਹਮੇਸ਼ਾ ਯਾਦ ਰਹੇਗਾ। ਸ੍ਰੀ ਮੋਦੀ ਨੇ ਕਿਹਾ, ‘ਪਾਸਵਾਨ ਮੇਰੇ ਮਿੱਤਰ ਸਨ, ਮੈਨੂੰ ਉਨ੍ਹਾਂ ਦੀ ਵੱਡੀ ਘਾਟ ਰੜਕਦੀ ਹੈ। ਉਹ ਭਾਰਤ ਦੇ ਸਭ ਤੋਂ ਵੱੱਧ ਤਜਰਬੇਕਾਰ ਸੰਸਦ ਮੈਂਬਰ ਅਤੇ ਪ੍ਰਸ਼ਾਸਕ ਸਨ।’ -ਪੀਟੀਆਈ