ਬੋਲਪੁਰ/ਹਾਵੜਾ 1 ਸਤੰਬਰ
ਕੋਲਕਾਤਾ ਦੇ ਆਰ ਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇਕ ਡਾਕਟਰ ਨਾਲ ਹੋਏ ਜਬਰ-ਜਨਾਹ ਤੇ ਹੱਤਿਆ ਦੀ ਘਟਨਾ ਤੋਂ ਕੁਝ ਹਫ਼ਤੇ ਬਾਅਦ ਸੂਬੇ ਦੇ ਬੀਰਭੂਮ ਜ਼ਿਲ੍ਹੇ ਦੇ ਇਕ ਸਰਕਾਰੀ ਹਸਪਤਾਲ ਵਿੱਚ ਇਕ ਨਰਸ ਨਾਲ ਇਕ ਪੁਰਸ਼ ਮਰੀਜ਼ ਵੱਲੋਂ ਕਥਿਤ ਤੌਰ ’ਤੇ ਛੇੜਛਾੜ ਕੀਤੇ ਜਾਣ ਅਤੇ ਗਾਲ੍ਹਾਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ।
ਬੀਰਭੂਮ ਦੇ ਚੀਫ਼ ਮੈਡੀਕਲ ਆਫ਼ਿਸਰ ਆਫ਼ ਹੈਲਥ (ਸੀਐੱਮਓਐੱਚ) ਹਿਮਾਦਰੀ ਬਾਰੀ ਨੇ ਕਿਹਾ, ‘‘ਸ਼ਨਿਚਰਵਾਰ ਦੇਰ ਰਾਤ ਤੇਜ਼ ਬੁਖਾਰ ਨਾਲ ਪੀੜਤ ਇਕ ਵਿਅਕਤੀ ਨੇ ਇਲਮਬਾਜ਼ਾਰ ਬਲਾਕ ਹਸਪਤਾਲ ’ਚ ਡਿਊਟੀ ’ਤੇ ਤਾਇਨਾਤ ਨਰਸ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ। ਹਸਪਤਾਲ ਪ੍ਰਸ਼ਾਸਨ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ, ਜਿਸ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਲਾਜ ਲਈ ਬੋਲਪੁਰ ਸਬ ਡਿਵੀਜ਼ਨਲ ਹਸਪਤਾਲ ਭੇਜ ਦਿੱਤਾ ਗਿਆ।’’ ਨਰਸ ਨੇ ਕਿਹਾ, ‘‘ਮਰੀਜ਼ ਨੇ ਆਉਂਦੇ ਹੀ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਉਸ ਨੂੰ ਅਣਗੌਲਿਆਂ ਕੀਤਾ ਅਤੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ ਜਦੋਂ ਮੈਂ ਸਲਾਈਨ ਲਗਾ ਰਹੀ ਸੀ ਤਾਂ ਅਚਾਨਕ ਉਸ ਨੇ ਮੈਨੂੰ ਗ਼ਲਤ ਢੰਗ ਨਾਲ ਛੂਹਿਆ।’’ ਅੱਜ ਹਸਪਤਾਲ ਦੇ ਡਾਕਟਰਾਂ ਤੇ ਸਿਹਤ ਕਾਮਿਆਂ ਨੇ 24 ਘੰਟੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਰੈਲੀ ਕੱਢੀ। ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਵਿੱਚ ਇਕ ਸਰਕਾਰੀ ਹਸਪਤਾਲ ’ਚ 12 ਸਾਲਾ ਲੜਕੀ ਨਾਲ ਕਥਿਤ ਛੇੜਛਾੜ ਦੇ ਮਾਮਲੇ ਵਿੱਚ ਇਕ ਲੈਬਾਰਟਰੀ ਟੈਕਨੀਸ਼ੀਅਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਸ਼ਨਿਚਰਵਾਰ ਸ਼ਾਮ ਨੂੰ ਹਾਵੜਾ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿੱਚ ਵਾਪਰੀ ਜਿੱਥੇ ਲੜਕੀ ਨੂੰ ਪਿਛਲੇ ਹਫ਼ਤੇ ਭਰਤੀ ਕਰਵਾਇਆ ਗਿਆ ਸੀ। ਲੜਕੀ ਦੇ ਪਰਿਵਾਰ ਦੇ ਇਕ ਮੈਂਬਰ ਨੇ ਦਾਅਵਾ ਕੀਤਾ ਕਿ ਉਹ ਲੈਬਾਰਟਰੀ ਤੋਂ ਰੋਂਦੀ ਹੋਈ ਬਾਹਰ ਆਈ ਕਿਉਂਕਿ ਮੁਲਜ਼ਮ ਨੇ ਉਸ ਨੂੰ ਅਣਉਚਿਤ ਢੰਗ ਨਾਲ ਛੂਹਿਆ ਸੀ ਅਤੇ ਧਮਕੀ ਦਿੱਤੀ ਸੀ ਕਿ ਜੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਸ ਸਬੰਧ ਵਿੱਚ ਇਕ ਅਧਿਕਾਰੀ ਨੇ ਕਿਹਾ ਕਿ ਲੈਬਾਰਟਰੀ ਸਹਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। -ਪੀਟੀਆਈ
ਭੀੜ ਵੱਲੋਂ ਪੰਚਾਇਤ ਕਮੇਟੀ ਮੈਂਬਰ ਦੇ ਘਰ ਦੀ ਤੋੜ-ਭੰਨ
ਕੋਲਕਾਤਾ: ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਵਿੱਚ 10 ਸਾਲਾ ਇਕ ਲੜਕੀ ਨਾਲ ਕਥਿਤ ਤੌਰ ’ਤੇ ਛੇੜਛਾੜ ਕਰਨ ਦੇ ਦੋਸ਼ ਹੇਠ ਭੀੜ ਨੇ ਇਕ ਪੰਚਾਇਤ ਮੈਂਬਰ ਦੇ ਘਰ ਵਿੱਚ ਭੰਨਤੋੜ ਕੀਤੀ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਐਤਵਾਰ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਜ਼ਿਲ੍ਹੇ ਦੀ ਰੋਹਾਂਡਾ ਪੰਚਾਇਤ ਦੇ ਰਾਜਬਾੜੀ ਇਲਾਕੇ ਵਿੱਚ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਸ਼ਨਿਚਰਵਾਰ ਸ਼ਾਮ ਨੂੰ ਲੜਕੀ ਨਾਲ ਕਥਿਤ ਤੌਰ ’ਤੇ ਛੇੜਛਾੜ ਕੀਤੀ ਗਈ। ਲੜਕੀ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੀ ਹੱਡਬੀਤੀ ਸੁਣਾਈ ਜਿਸ ਮਗਰੋਂ ਪਰਿਵਾਰਕ ਮੈਂਬਰਾਂ ਨੇ ਮੁਲਜ਼ਮ ਨੂੰ ਫੜ ਲਿਆ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪ੍ਰਤੀਕਿਰਿਆ ਤੋਂ ਭੜਕੀ ਭੀੜ ਨੇ ਉਸ ਦੇ ਘਰ ਅਤੇ ਇਲਾਕੇ ਵਿੱਚ ਸਥਿਤ ਉਸ ਦੇ ਭਰਾ ਦੀ ਦੁਕਾਨ ’ਚ ਭੰਨਤੋੜ ਕੀਤੀ। ਭੀੜ ਨੂੰ ਖਿੰਡਾਉਣ ਲਈ ਪੁਲੀਸ ਨੂੰ ਅੱਥਰੂ ਗੈਸ ਦੇ ਗੋਲ ਦਾਗਣੇ ਪਏ। -ਪੀਟੀਆਈ