ਬਾਂਦਾ(ਯੂਪੀ), 1 ਦਸੰਬਰ
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਆਪਣੇ ਪਰਿਵਾਰ ਨਹੀਂ ਹੁੰਦੇ, ਉਹ ਲੋਕਾਂ ਦੀ ਫ਼ਿਕਰ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਨੂੰ ਗ੍ਰਹਿਸਥ ਜੀਵਨ ਦੇ ਦੁੱਖਾਂ ਦੀ ਕੋਈ ਸਮਝ ਨਹੀਂ ਹੁੰਦੀ। ਅਖਿਲੇਸ਼ ਨੇ ਸਵਾਲ ਕੀਤਾ ਕਿ ਕੀ ਲੋਕ ‘ਯੋਗੀ ਸਰਕਾਰ’ ਚਾਹੁੰਦੇ ਹਨ ਜਾਂ ਫਿਰ ‘ਯੋਗ ਸਰਕਾਰ’।
‘ਸਮਾਜਵਾਦੀ ਵਿਜੈ ਰੱਥ ਯਾਤਰਾ’ ਲਈ ਮਾਹੋਬਾ ਰਵਾਨਾ ਹੋਣ ਤੋਂ ਪਹਿਲਾਂ ਇਥੇ ਆਪਣੇ ਸੰਬੋਧਨ ਵਿੱਚ ਯਾਦਵ ਨੇ ਕਿਹਾ, ‘‘ਸਾਡੇ ਆਪਣੇ ਪਰਿਵਾਰ ਹਨ, ਜਿਸ ਕਰਕੇ ਅਸੀਂ ਸਮਝ ਸਕਦੇ ਹਾਂ ਕਿ ਜਦੋਂ ਕਿਸੇ ਕਿਰਤੀ ਜਾਂ ਕਿਸਾਨ ਦੀ ਮੌਤ ਹੁੰਦੀ ਹੈ ਤਾਂ ਸਬੰਧਤ ਪਰਿਵਾਰ ਕਿਸ ਪੀੜ ’ਚੋਂ ਲੰਘਦਾ ਹੈ। ਜਿਨ੍ਹਾਂ ਨੇ ਪਰਿਵਾਰ ਪਾਲੇ ਹੋਣ ਉਨ੍ਹਾਂ ਨੂੰ ਇਕ ਸਧਾਰਨ ਪਰਿਵਾਰ ਦੇ ਦੁੱਖ ਦੀ ਸਮਝ ਹੁੰਦੀ ਹੈ। ਜਿਨ੍ਹਾਂ ਦਾ ਘਰ ਬਾਰ ਹੀ ਨਹੀਂ ਹੈ ਉਹ ਕਦੇ ਵੀ ਇਸ ਪੀੜ ਨੂੰ ਨਹੀਂ ਸਮਝਣਗੇ ਤੇ ਨਾ ਹੀ ਪ੍ਰਵਾਹ ਕਰਨਗੇ।’’ ਯੂਪੀ ’ਚ ਭਾਜਪਾ ਦੇ ਨਾਅਰੇ ‘ਦਮਦਾਰ ਸਰਕਾਰ’ ਉੱਤੇ ਤਨਜ਼ ਕਸਦਿਆਂ ਯਾਦਵ ਨੇ ਕਿਹਾ ਕਿ ਉਹ ਸਿਰਫ਼ ‘ਦਮਦਾਰ ਝੂਠ’ ਬੋਲ ਸਕਦੇ ਹਨ। ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਟੈਬਲੈਟਸ ਤੇ ਸਮਾਰਟਫੋਨ ਦੇਣ ਦੀ ਗੱਲ ਕਰਦਿਆਂ ਸਪਾ ਮੁਖੀ ਨੇ ਕਿਹਾ, ‘‘ਕੀ ਕੋਈ ਬਾਬਾ ਮੁੱਖ ਮੰਤਰੀ ਲੈਪਟਾਪ ਚਲਾ ਸਕਦਾ ਹੈ? ਹੁਣ ਤਾਂ ਇਹ ਵੀ ਸੁਣਨ ’ਚ ਆਇਆ ਹੈ ਕਿ ਉਸ ਨੂੰ ਤਾਂ ਸਮਾਰਟਫੋਨ ਵੀ ਚਲਾਉਣਾ ਨਹੀਂ ਆਉਂਦਾ। ਜੇ ਉਸ ਨੂੰ ਆਉਂਦਾ ਹੁੰਦਾ ਤਾਂ ਸਰਕਾਰ ਨੇ ਹੁਣ ਤੱਕ ਸਾਡੇ ਨੌਜਵਾਨਾਂ ਨੂੰ ਇਹ ਦੇ ਦਿੱਤੇ ਹੁੰਦੇ।’’ ਯਾਦਵ ਨੇ ਕਿਹਾ ਕਿ ਯੋਗੀ ਸਰਕਾਰ ਨੇ ਮਿੱਥ ਕੇ ਟੈੱਟ ਦਾ ਪ੍ਰਸ਼ਨ ਪੱਤਰ ਲੀਕ ਕੀਤਾ ਸੀ ਕਿਉਂਕਿ ਸੂਬਾ ਸਰਕਾਰ ਸਫ਼ਲ ਉਮੀਦਵਾਰਾਂ ਨੂੰ ਨੌਕਰੀਆਂ ਦੇਣ ਦੀ ਸਥਿਤੀ ਵਿੱਚ ਨਹੀਂ ਹੈ। -ਪੀਟੀਆਈ
ਭਾਜਪਾ ਦੇ ਰਾਜ ’ਚ ਖੌਫ਼ ਵਿੱਚ ਜੀਅ ਰਹੇ ਨੇ ਯੂਪੀ ਦੇ ਲੋਕ: ਭੁਪੇਸ਼
ਨਵੀਂ ਦਿੱਲੀ: ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅੱਜ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਯੂਪੀ ਦੇ ਲੋਕ ਖੌਫ਼ ’ਚ ਜਿਉਂ ਰਹੇ ਹਨ, ਕਿਉਂਕਿ ਭਾਜਪਾ ਤਾਨਾਸ਼ਾਹਾਂ ਦੀ ਪਾਰਟੀ ਹੈ, ਜਿੱਥੇ ਕਿਸੇ ਵੀ ਵਿਰੋਧੀ ਸੁਰ ਨੂੰ ਦਬਾ ਦਿੱਤਾ ਜਾਂਦਾ ਹੈ। ਅਗਾਮੀ ਯੂਪੀ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਸੀਨੀਅਰ ਨਿਗਰਾਨ ਨਿਯੁਕਤ ਬਘੇਲ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਇਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ ਤੇ ਧਾਰਮਿਕ ਟਿੱਪਣੀਆਂ ਕਰਕੇ ਲੋਕਾਂ ਦਾ ਧਿਆਨ ਵੰਡਿਆ ਜਾ ਰਿਹਾ ਹੈ। -ਪੀਟੀਆਈ