ਮੁੰਬਈ, 1 ਨਵੰਬਰ
ਇਥੋਂ ਦੀ ਇਕ ਵਿਸ਼ੇਸ਼ ਅਦਾਲਤ ਨੇ ਕਰੂਜ਼ ਡਰੱਗਜ਼ ਕੇਸ ’ਚ ਮੁਲਜ਼ਮ ਅਚਿਤ ਕੁਮਾਰ ਨੂੰ ਪਿਛਲੇ ਹਫ਼ਤੇ ਜ਼ਮਾਨਤ ਦਿੰਦਿਆਂ ਕਿਹਾ ਸੀ ਕਿ ਸਿਰਫ਼ ਵਟਸਐਪ ਚੈਟ ਦੇ ਆਧਾਰ ’ਤੇ ਇਹ ਨਹੀਂ ਆਖਿਆ ਜਾ ਸਕਦਾ ਹੈ ਕਿ ਉਸ ਨੇ ਹੋਰ ਮੁਲਜ਼ਮਾਂ ਆਰੀਅਨ ਖ਼ਾਨ ਅਤੇ ਅਰਬਾਜ਼ ਮਰਚੈਂਟ ਨੂੰ ਡਰੱਗਜ਼ ਸਪਲਾਈ ਕੀਤੇ ਸਨ। ਅਦਾਲਤ ਦੇ ਵਿਸਥਾਰਤ ਹੁਕਮਾਂ ਦੀ ਕਾਪੀ ਐਤਵਾਰ ਨੂੰ ਜਾਰੀ ਕੀਤੀ ਗਈ ਹੈ ਜਿਸ ’ਚ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਪੰਚਨਾਮਾ ਰਿਕਾਰਡ ਦੀ ਤਸਦੀਕ ’ਤੇ ਵੀ ਸਵਾਲ ਉਠਾਏ ਗਏ ਹਨ ਅਤੇ ਕਿਹਾ ਗਿਆ ਕਿ ਉਹ ਮਨਘੜਤ ਅਤੇ ਸ਼ੱਕੀ ਪ੍ਰਤੀਤ ਹੁੰਦੇ ਹਨ। ਐੱਨਡੀਪੀਐੱਸ ਨਾਲ ਸਬੰਧਤ ਵਿਸ਼ੇਸ਼ ਅਦਾਲਤ ਦੇ ਜੱਜ ਵੀ ਵੀ ਪਾਟਿਲ ਨੇ ਅਚਿਤ ਕੁਮਾਰ (22) ਨੂੰ ਸ਼ਨਿਚਰਵਾਰ ਨੂੰ ਜ਼ਮਾਨਤ ਦੇ ਦਿੱਤੀ ਸੀ। ਅਦਾਲਤ ਨੇ ਆਪਣੇ ਹੁਕਮਾਂ ’ਚ ਕਿਹਾ ਹੈ ਕਿ ਆਰੀਅਨ ਖ਼ਾਨ ਨਾਲ ਵਟਸਐਪ ’ਤੇ ਹੋਈ ਗੱਲਬਾਤ ਨਾਲ ਇਹ ਸਾਬਿਤ ਨਹੀਂ ਹੁੰਦਾ ਕਿ ਉਹ ਅਜਿਹੀਆਂ ਹਰਕਤਾਂ ’ਚ ਸ਼ਾਮਲ ਸੀ। ਅਦਾਲਤ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਜਿਹੇ ਕੋਈ ਸਬੂਤ ਨਹੀਂ ਹਨ ਜਿਸ ਤੋਂ ਅਚਿਤ ਅਤੇ ਹੋਰ ਮੁਲਜ਼ਮਾਂ ਵਿਚਕਾਰ ਸਬੰਧ ਸਾਬਿਤ ਹੋ ਸਕਣ। -ਪੀਟੀਆਈ