ਕੋਲਕਾਤਾ, 1 ਜੂਨ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਹੈ ਕਿ ਕੇਂਦਰ ਦੇ ਮਾੜੇ ਆਰਥਿਕ ਪ੍ਰਬੰਧਨ ਕਾਰਨ ਦੇਸ਼ ਨੂੰ ਅੱਜ ਕਣਕ ਦੀ ਸਪਲਾਈ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ‘ਘਟੀਆ’ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਨੋਟਬੰਦੀ ਜਿਹੇ ਮਾੜੇ ਫ਼ੈਸਲਿਆਂ ਕਾਰਨ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਜਿਸ ਕਾਰਨ ਮੁਲਕ ’ਚ ਬੇਰੁਜ਼ਗਾਰੀ ਵਧੀ। ਬਾਂਕੁਰਾ ਜ਼ਿਲ੍ਹੇ ’ਚ ਟੀਐੱਮਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਕੇਂਦਰ ਸਾਨੂੰ ਕਣਕ ਨਹੀਂ ਦੇ ਰਿਹਾ ਹੈ। ਉਸ ਦਾ ਦਾਅਵਾ ਹੈ ਕਿ ਵੰਡਣ ਲਈ ਕਣਕ ਨਹੀਂ ਹੈ। ਦੇਸ਼ ’ਚ ਕਣਕ ਦੀ ਕਮੀ ਹੈ। ਇਹ ਸੰਕਟ ਕੇਂਦਰ ’ਚ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਦੀਆਂ ਮਾੜੀਆਂ ਆਰਥਿਕ ਨੀਤੀਆਂ ਕਾਰਨ ਪੈਦਾ ਹੋਇਆ ਹੈ।’’ ਨੋਟਬੰਦੀ ਲਈ ਕੇਂਦਰ ’ਤੇ ਹਮਲਾ ਬੋਲਦਿਆਂ ਉਨ੍ਹਾਂ ਮੰਗ ਕੀਤੀ ਕਿ ਪੱਛਮੀ ਬੰਗਾਲ ਦੇ ਵਿੱਤੀ ਬਕਾਏ ਮੋੜੇ ਜਾਣ। ‘ਕੇਂਦਰ ਨੂੰ ਸਾਡਾ ਪੈਸਾ ਮੋੜਨਾ ਚਾਹੀਦਾ ਹੈ, ਨਹੀਂ ਤਾਂ ਅਸੀ ਭਾਜਪਾ ਨੂੰ ਅਲਵਿਦਾ ਆਖ ਦਿਆਂਗੇ। ਜੇਕਰ ਤੁਸੀਂ ਸੂਬਿਆਂ ਦਾ ਪੈਸਾ ਅਦਾ ਨਹੀਂ ਕਰ ਸਕਦੇ ਹੋ ਤਾਂ ਤੁਹਾਨੂੰ ਮੁਲਕ ’ਤੇ ਰਾਜ ਕਰਨ ਦਾ ਕੋਈ ਹੱਕ ਨਹੀਂ ਹੈ।’ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਨੋਟਬੰਦੀ ਸਭ ਤੋਂ ਵੱਡਾ ਘੁਟਾਲਾ ਸੀ। ‘ਨੋਟਬੰਦੀ ਰਾਹੀਂ ਅਸੀਂ ਕੀ ਹਾਸਲ ਕੀਤਾ? ਸਾਰੀ ਨਕਦੀ ਕਿੱਥੇ ਚਲੀ ਗਈ ਹੈ?’ ਟੀਐੱਮਸੀ ਮੁਖੀ ਨੇ ਇਹ ਵੀ ਦੋਸ਼ ਲਾਇਆ ਕਿ ਕੇਂਦਰ ਸਰਕਾਰ ਭਾਰਤੀ ਰੇਲਵੇ ਤੇ ਇੰਸ਼ੋਰੈਂਸ ਜਿਹੀਆਂ ਮੁਲਕ ਦੀਆਂ ਸੰਪਤੀਆਂ ਵੇਚ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਲਈ ਇਹ ਬਿਹਤਰ ਹੋਵੇਗਾ ਜੇ ਅਗਲੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਹਰਾਇਆ ਜਾਵੇ। -ਪੀਟੀਆਈ
ਅਰਥਵਿਵਸਥਾ ਲੀਹ ’ਤੇ ਆਉਣ ਦੇ ਕੋਈ ਸੰਕੇਤ ਨਹੀਂ: ਚਿਦੰਬਰਮ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਦੇਸ਼ ਦੀ ਵਿਕਾਸ ਦਰ ਕਮਜ਼ੋਰ ਹੋ ਰਹੀ ਹੈ ਅਤੇ ਇਸ ਦੇ ਲੀਹ ’ਤੇ ਆਉਣ ਦੇ ਕੋਈ ਸੰਕੇਤ ਨਹੀਂ ਹਨ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2021-22 ਲਈ ਭਾਰਤ ਦੀ ਵਿਕਾਸ ਦਰ 8.7 ਫੀਸਦੀ ਦਰਜ ਕੀਤੀ ਗਈ ਹੈ, ਜਦੋਂ ਕਿ ਆਖਰੀ ਤਿਮਾਹੀ ’ਚ ਇਹ ਅੰਕੜਾ 4.1 ਫੀਸਦੀ ਰਿਹਾ ਹੈ। ਚਿਦੰਬਰਮ ਨੇ ਟਵੀਟ ਕੀਤਾ, ‘‘ਐੱਨਐੱਸਓ ਨੇ ਅੰਕੜੇ ਜਾਰੀ ਕਰ ਦਿੱਤੇ ਹਨ। ਵਿੱਤੀ ਵਰ੍ਹੇ 2021-22 ਦੀ ਹਰ ਤਿਮਾਹੀ ਦੇ ਵਿਕਾਸ ਦਰ ਨਾਲ ਜੁੜੇ ਅੰਕੜਿਆਂ ਵੱਲ ਸਭ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ। ਪਹਿਲੀ ਤਿਮਾਹੀ ਵਿੱਚ 20.1, ਦੂਜੀ ਵਿੱਚ 8.4, ਤੀਜੀ ਵਿੱਚ 5.4 ਅਤੇ ਚੌਥੀ ਤਿਮਾਹੀ ਵਿੱਚ 4.1 ਫੀਸਦੀ ਵਿਕਾਸ ਦਰ ਦਰਜ ਕੀਤੀ ਗਈ ਹੈ। ਇਸ ਗ੍ਰਾਫ ਤੋਂ ਪਤਾ ਲੱਗਦਾ ਹੈ ਕਿ ਹਰ ਤਿਮਾਹੀ ’ਚ ਵਿਕਾਸ ਦਰ ਘੱਟਦੀ ਗਈ ਅਤੇ ਇਸ ਦੇ ਲੀਹ ’ਤੇ ਆਉਣ ਦੇ ਕੋਈ ਸੰਕੇਤ ਨਹੀਂ ਹਨ।’’ -ਪੀਟੀਆਈ