ਨਵੀਂ ਦਿੱਲੀ, 26 ਅਪਰੈਲ
‘ਆਹਾਰ’ ਫੂਡ ਤੇ ਹੌਸਪਿਟੈਲਿਟੀ ਮੇਲੇ ਦੇ ਉਦਘਾਟਨ ਲਈ ਪੁੱਜੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਅੱਜ ਪ੍ਰਗਤੀ ਮੈਦਾਨ ਵਿੱਚ ਮਾੜੀਆਂ ਸਹੂਲਤਾਂ ਤੇ ਪ੍ਰਬੰਧਾਂ ਖਿਲਾਫ਼ ਕੀਤੇ ਜਾ ਰਹੇ ਪ੍ਰਦਰਸ਼ਨ ਕਰਕੇ ਸਮਾਗਮ ਦੌਰਾਨ ਆਪਣੀ ਤਕਰੀਰ ਵਿਚਾਲੇ ਛੱਡ ਕੇ ਜਾਣਾ ਪੈ ਗਿਆ। ਕਾਮਰਸ ਤੇ ਇੰਡਸਟਰੀ ਮੰਤਰੀ ਪਿਊਸ਼ ਗੋਇਲ ਇਸ ਮੇਲੇ ਦੇ ਮੁੱਖ ਮਹਿਮਾਨ ਸਨ। ਉਨ੍ਹਾਂ ਕੋਲ ਖੁਰਾਕ ਤੇ ਖਪਤਕਾਰ ਮਾਮਲੇ ਤੇ ਟੈਕਸਟਾਈਲ ਮੰਤਰਾਲਾ ਵੀ ਹੈ। ਜਾਣਕਾਰੀ ਅਨੁੁਸਾਰ ਪਿਊਸ਼ ਗੋਇਲ ਮੇਲੇ ਦੌਰਾਨ ਜਿਉਂ ਹੀ ਬੋਲਣ ਲਈ ਉੱਠੇ ਤਾਂ ਕੁਝ ਪ੍ਰਦਰਸ਼ਨਕਾਰੀਆਂ ਨੇ ਪ੍ਰਗਤੀ ਮੈਦਾਨ ਵਿੱਚ ਕਥਿਤ ਮਾੜੀਆਂ ਸਹੂਲਤਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਨਾਅਰੇਬਾਜ਼ੀ ਵਧਦੀ ਵੇਖ ਪਿਊਸ਼ ਗੋਇਲ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਮਸਲੇ ਦੇ ਹੱਲ ਲਈ ਲੋੜੀਂਦੀਆਂ ਹਦਾਇਤਾਂ ਕਰਨਗੇ। ਮੇਲਾ 30 ਅਪਰੈਲ ਤੱਕ ਚੱਲੇਗਾ। -ਪੀਟੀਆਈ