ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਅਗਸਤ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਆਪ’ ਦੇ 40 ਵਿਧਾਇਕਾਂ ਨੂੰ ਪੇਸ਼ਕਸ਼ ਕੀਤੇ 800 ਕਰੋੜ ਰੁਪਏ ਦੇ ਸਰੋਤ ’ਤੇ ਸਵਾਲ ਚੁੱਕੇ ਹਨ। ਆਪਣੀ ਰਿਹਾਇਸ਼ ’ਤੇ ‘ਆਪ’ ਵਿਧਾਇਕਾਂ ਦੀ ਮੀਟਿੰਗ ਤੋਂ ਬਾਅਦ ਕੇਜਰੀਵਾਲ ਆਪਣੇ ਵਿਧਾਇਕਾਂ ਨਾਲ ਭਾਜਪਾ ਦੇ ‘ਆਪ੍ਰੇਸ਼ਨ ਲੋਟਸ’ ਦੀ ਨਾਕਾਮੀ ਲਈ ਪ੍ਰਾਰਥਨਾ ਕਰਨ ਰਾਜਘਾਟ ਗਏ।
ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵਾਲ ਕੀਤਾ ਕਿ ਉਨ੍ਹਾਂ ਦੇ ਵਿਧਾਇਕਾਂ ਨੂੰ 20-20 ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਗਈ ਤੇ ਦਿੱਲੀ ਸਰਕਾਰ ਨੂੰ ਡੇਗਣ ਲਈ 800 ਕਰੋੜ ਰੁਪਏ ਰੱਖੇ ਗਏ ਪਰ ਦੇਸ਼ ਦੇ ਨਾਗਰਿਕ ਇਸ ਪੈਸੇ ਦੇ ਸਰੋਤ ਬਾਰੇ ਜਾਣਨਾ ਚਾਹੁੰਦੇ ਹਨ। ਕੀ ਇਹ ਜੀਐੱਸਟੀ ਤੋਂ ਹੈ ਜਾਂ ਪ੍ਰਧਾਨ ਮੰਤਰੀ ਕੇਅਰਜ਼ ਫੰਡ ਤੋਂ? ਕੀ ਭਾਜਪਾ ਦੇ ਕਿਸੇ ਦੋਸਤਾਂ ਨੇ ਉਨ੍ਹਾਂ ਨੂੰ ਇਹ ਪੈਸੇ ਦਿੱਤੇ ਹਨ? ਮੁੱਖ ਮੰਤਰੀ ਨੇ ਕਿਹਾ ਕਿ ਮਨੀਸ਼ ਸਿਸੋਦੀਆ ਖ਼ਿਲਾਫ਼ ਸੀਬੀਆਈ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦਾ ਨਾਂ ਇੱਕ ਝੂਠੀ ਐੱਫਆਈਆਰ ਵੀ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਨੇ ਸਿਸੋਦੀਆ ਦੀ ਰਿਹਾਇਸ਼ ’ਤੇ ਗੱਦਿਆਂ ਅਤੇ ਕੰਧਾਂ ਦੀ ਤਲਾਸ਼ੀ ਲਈ ਪਰ ਕੋਈ ਬੇਹਿਸਾਬ ਪੈਸਾ ਜਾਂ ਕੋਈ ਇਤਰਾਜ਼ਯੋਗ ਦਸਤਾਵੇਜ਼ ਜਾਂ ਗਹਿਣੇ ਨਹੀਂ ਮਿਲੇ। ਉਨ੍ਹਾਂ ਕਿਹਾ, ‘ਛਾਪੇ ਦੇ ਅਗਲੇ ਦਿਨ, ਉਨ੍ਹਾਂ ਸਿਸੋਦੀਆ ਨੂੰ ਸੁਨੇਹਾ ਭੇਜਿਆ ਕਿ ਕੇਜਰੀਵਾਲ ਨੂੰ ਛੱਡ ਦਿਓ, ਕੁਝ ਵਿਧਾਇਕ ਲੈ ਕੇ ਸਾਡੇ ਕੋਲ ਆਓ। ਅਸੀਂ ਦਿੱਲੀ ਸਰਕਾਰ ਨੂੰ ਡੇਗ ਦੇਵਾਂਗੇ ਅਤੇ ਤੁਹਾਡੇ ਵਿਰੁੱਧ ਸੀਬੀਆਈ, ਈਡੀ ਦੇ ਕੇਸ ਬੰਦ ਕਰ ਦੇਵਾਂਗੇ। ਉਹ ਸਿਸੋਦੀਆ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕਰ ਰਹੇ ਸਨ ਪਰ ਉਨ੍ਹਾਂ ਇਨਕਾਰ ਕਰ ਦਿੱਤਾ।’ ਕੇਜਰੀਵਾਲ ਨੇ ਕਿਹਾ, ‘ਮੈਂ ਬਹੁਤ ਖੁਸ਼ ਹਾਂ ਕਿ ਕੋਈ ਵੀ ਵਿਧਾਇਕ ਨੇ ਦਬਾਅ ਹੇਠ ਨਹੀਂ ਝੁਕਿਆ। ਉਹ 40 ਵਿਧਾਇਕਾਂ ਦਾ ਸ਼ਿਕਾਰ ਕਰਨਾ ਚਾਹੁੰਦੇ ਹਨ ਪਰ ਮੈਂ ਦਿੱਲੀ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਨ੍ਹਾਂ ਇੱਕ ਕੱਟੜ ਇਮਾਨਦਾਰ ਸਰਕਾਰ ਨੂੰ ਵੋਟ ਦਿੱਤੀ ਹੈ। ਨਾ ਤਾਂ ਮੈਂ ਅਤੇ ਨਾ ਹੀ ਮੇਰੇ ਵਿਧਾਇਕ ਅਤੇ ਮੰਤਰੀ ਦੇਸ਼ ਨਾਲ ਧੋਖਾ ਕਰਨਗੇ ਅਤੇ ਨਾ ਹੀ ਵਿਕਣਗੇ।’
ਇਸ ਤੋਂ ਪਹਿਲਾਂ ‘ਆਪ’ ਦੇ ਦਿੱਲੀ ਦੇ ਵਿਧਾਇਕਾਂ ਦੀ ਮੁੱਖ ਮੰਤਰੀ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ’ਚ ਮੀਟਿੰਗ ਹੋਈ ਜਿਸ ਵਿੱਚ ਸਾਰੇ 62 ਵਿਧਾਇਕਾਂ ਵਿੱਚੋਂ 53 ਵਿਧਾਇਕ ਸ਼ਾਮਲ ਹੋਏ ਜਦਕਿ 7 ਵਿਧਾਇਕ ਕਿਸੇ ਨਾ ਕਿਸੇ ਕਾਰਨ ਹਾਜ਼ਰ ਨਹੀਂ ਹੋ ਸਕੇ। ਸੰਖੇਪ ਜਿਹੀ ਇਸ ਮੀਟਿੰਗ ਮਗਰੋਂ ਵਿਧਾਇਕਾਂ ਨੇ ਮਹਾਤਮਾ ਗਾਂਧੀ ਦੀ ਸਮਾਧ ‘ਰਾਜ ਘਾਟ’ ਜਾ ਕੇ ‘ਅਪਰੇਸ਼ਨ ਲੋਟਸ’ ਦੀ ਨਾਕਾਮੀ ਦੀ ਪ੍ਰਾਰਥਨਾ ਕੀਤੀ। ਮੀਟਿੰਗ ’ਚ ਅਮਾਨਤਉੱਲ੍ਹਾ ਖ਼ਾਂ ਆਨਲਾਈਨ ਹਾਜ਼ਰ ਹੋਏ ਜਦਕਿ ਮੰਤਰੀ ਸਤੇਂਦਰ ਜੈਨ ਜੇਲ੍ਹ ਵਿੱਚ ਹਨ। ਕੁਝ ਵਿਧਾਇਕ ਦਿੱਲੀ ਤੋਂ ਬਾਹਰ ਦੱਸੇ ਗਏ। ‘ਆਪ’ ਦੇ ਬੁਲਾਰੇ ਸੌਰਭ ਭਾਰਦਵਾਜ਼ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪ੍ਰੈੱਸ ਕਾਨਫਰੰਸ ਦੌਰਾਨ ਸੀਬੀਆਈ ਤੇ ਈਡੀ ਤੋਂ ਮੰਗ ਕੀਤੀ ਕਿ ਉਹ ਇਨ੍ਹਾਂ 800 ਕਰੋੜ ਰੁਪਏ ਦਾ ਪਤਾ ਲਾਵੇ ਜੋ ਭਾਜਪਾ ਵਿਧਾਇਕ ਖਰੀਦਣ ਲਈ ਵਰਤਣਾ ਚਾਹੁੰਦੀ ਸੀ। ਭਾਰਦਵਾਜ ਨੇ ਦੋਸ਼ ਲਾਇਆ ਕਿ ਭਾਜਪਾ 40 ‘ਆਪ’ ਵਿਧਾਇਕਾਂ ਨੂੰ 20-20 ਕਰੋੜ ਰੁਪਏ ਦੀ ਪੇਸ਼ਕਸ਼ ਕਰਕੇ ਨਿਸ਼ਾਨਾ ਬਣਾ ਰਹੀ ਹੈ।