ਸ੍ਰੀਨਗਰ, 31 ਮਾਰਚ
ਪੀਡੀਪੀ ਦੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਜਦੋਂ ਨਿਆਂ ਪ੍ਰਣਾਲੀ ਹੀ ਬੁਨਿਆਦੀ ਹੱਕਾਂ ਸਬੰਧੀ ਮਾਮਲਿਆਂ ਤੋਂ ਪੱਲਾ ਝਾੜ ਲਵੇ ਤਾਂ ਇਕ ਵਿਅਕਤੀ ਕਿੱਥੇ ਜਾਵੇ ਕਿਉਂਕਿ ਇਕ ਆਮ ਵਿਅਕਤੀ ਕੋਲ ਤਾਂ ਸਿਰਫ਼ ਨਿਆਂ ਪ੍ਰਣਾਲੀ ਹੀ ਨਿਆਂ ਹਾਸਲ ਕਰਨ ਦਾ ਆਖ਼ਰੀ ਰਸਤਾ ਹੁੰਦੀ ਹੈ। ਉਨ੍ਹਾਂ ਟਵਿੱਟਰ ’ਤੇ ਲਿਖਿਆ, ‘‘ਭਾਜਪਾ ਦੇ ਰਾਜ ਵਿੱਚ ਭਾਰਤ ਦੇ ਸੰਵਿਧਾਨ ਦੀ ਅਹਿਮੀਅਤ ਨੂੰ ਘਟਾਇਆ ਜਾ ਰਿਹਾ ਹੈ। ਸਿਰਫ਼ ਨਿਆਂ ਪ੍ਰਣਾਲੀ ਹੀ ਇਕ ਬਦਲ ਹੈ ਤੇ ਇਸੇ ਦਾ ਸਹਾਰਾ ਬਚਿਆ ਹੈ। ਅਜਿਹੇ ਵਿੱਚ ਜਦੋਂ ਨਿਆਂ ਪ੍ਰਣਾਲੀ ਵੀ ਬੁਨਿਆਦੀ ਹੱਕਾਂ ਸਬੰਧੀ ਮਾਮਲਿਆਂ ਤੋਂ ਪੱਲਾ ਝਾੜ ਲਵੇ ਤਾਂ ਇਕ ਵਿਅਕਤੀ ਕਿੱਥੇ ਜਾਵੇ?
ਪੀਡੀਪੀ ਮੁਖੀ ਦੀ ਇਹ ਟਿੱਪਣੀ ਜੰਮੂ ਕਸ਼ਮੀਰ ਹਾਈ ਕੋਰਟ ਵੱਲੋਂ ਉਨ੍ਹਾਂ ਦੀ ਪਟੀਸ਼ਨ ਖਾਰਜ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਈ ਹੈ। ਇਸ ਪਟੀਸ਼ਨ ਰਾਹੀਂ ਮਹਬਿੂਬਾ ਮੁਫ਼ਤੀ ਨੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਪਾਸਪੋਰਟ ਅਥਾਰਿਟੀ ਨੂੰ ਉਨ੍ਹਾਂ ਦਾ ਪਾਸਪੋਰਟ ਜਾਰੀ ਕਰਨ ਦੀ ਹਦਾਇਤ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਇੱਥੋਂ ਦੇ ਖੇਤਰੀ ਪਾਸਪੋਰਟ ਦਫ਼ਤਰ ਨੇ 26 ਮਾਰਚ ਨੂੰ ਮੁਫ਼ਤੀ ਨੂੰ ਇਕ ਪੱਤਰ ਲਿਖ ਕੇ ਜਾਣੂ ਕਰਵਾਇਆ ਸੀ ਕਿ ਪੁਲੀਸ ਵੈਰੀਫਿਕੇਸ਼ਨ ਦੀ ਮਾੜੀ ਰਿਪੋਰਟ ਕਾਰਨ ਉਨ੍ਹਾਂ ਦੀ ਪਾਸਪੋਰਟ ਸਬੰਧੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਦਫ਼ਤਰ ਵੱਲੋਂ ਉਨ੍ਹਾਂ ਦੀ ਮਾਂ ਦੀ ਪਾਸਪੋਰਟ ਅਰਜ਼ੀ ਵੀ ਰੱਦ ਕਰ ਦਿੱਤੀ ਗਈ। ਇਸੇ ਦੌਰਾਨ ਇਕ ਹੋਰ ਟਵੀਟ ਵਿੱਚ ਪੀਡੀਪੀ ਦੀ ਪ੍ਰਧਾਨ ਨੇ ਦੋਸ਼ ਲਗਾਇਆ ਕਿ ਫ਼ੌਜ ਵੱਲੋਂ ਉਨ੍ਹਾਂ ਦੇ ਰਿਸ਼ਤੇਦਾਰ ਤੇ ਪਾਰਟੀ ਦੇ ਸੀਨੀਅਰ ਆਗੂ ਸਰਤਾਜ ਮਦਨੀ ਦੇ ਘਰ ਵਿੱਚ ਛਾਪਾ ਮਾਰਿਆ ਗਿਆ। ਸਰਤਾਜ ਪਿਛਲੇ ਸਾਲ ਦਸੰਬਰ ਤੋਂ ਹਿਰਾਸਤ ਵਿੱਚ ਹਨ। ਇਸ ਦੌਰਾਨ ਸਾਰੇ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ ਜੋ ਕਿ ਸ਼ਰਮਨਾਕ ਹੈ। -ਪੀਟੀਆਈ