ਜੈਨੇਵਾ, 23 ਜੁਲਾਈ
ਵਿਸ਼ਵ ਸਿਹਤ ਸੰਸਥਾ (ਡਬਲਿਊਐਚਓ) ਨੇ ਸ਼ਨਿਚਰਵਾਰ ਨੂੰ 70 ਤੋਂ ਵਧ ਮੁਲਕਾਂ ਵਿੱਚ ਮੰਕੀਪੌਕਸ ਫੈਲਣ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਨੂੰ ਆਲਮੀ ਆਫਤ ਐਲਾਨ ਦਿੱਤਾ ਹੈ। ਡਬਲਿਊਐਚਓ ਦਾ ਇਹ ਐਲਾਨ ਇਸ ਬਿਮਾਰੀ ਦੇ ਇਲਾਜ ਲਈ ਨਿਵੇਸ਼ ਵਿੱਚ ਤੇਜ਼ੀ ਲਿਆ ਸਕਦਾ ਹੈ। ਇਸ ਐਲਾਨ ਨੇ ਇਸ ਬਿਮਾਰੀ ਦਾ ਟੀਕਾ ਵਿਕਸਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਡਬਲਿਊਐਚਓ ਦੇ ਡਾਇਰੈਕਟਰ ਜਨਰਲ ਟੈਡਰੋਸ ਗੈਬਰਿਸਸ ਨੇ ਸੰਸਥਾ ਦੀ ਹੰਗਾਮੀ ਮੀਟਿੰਗ ਵਿਚ ਮੈਂਬਰਾਂ ਵਿਚਾਲੇ ਆਮ ਸਹਿਮਤੀ ਨਾ ਬਣਨ ਦੇ ਬਾਵਜੂਦ ਇਹ ਐਲਾਨ ਕੀਤਾ। ਇਹ ਪਹਿਲਾ ਮੌਕਾ ਹੈ ਜਦੋਂ ਡਬਲਿਊਐਚਓ ਮੁਖੀ ਨੇ ਅਜਿਹੀ ਕਾਰਵਾਈ ਕੀਤੀ ਹੈ। ਟੈਡਰੋਸ ਨੇ ਕਿਹਾ, ‘ ਸੰਖੇਪ ਵਿੱਚ ਅਸੀਂ ਇਕ ਅਜਿਹੀ ਬਿਮਾਰੀ ਦਾ ਸਾਹਮਣਾ ਕਰ ਰਹੇ ਹਾਂ ਜੋ ਤੇਜ਼ੀ ਨਾਲ ਦੁਨੀਆਂ ਵਿੱਚ ਫੈਲ ਗਈ ਹੈ ਅਤੇ ਇਸ ਬਿਮਾਰੀ ਬਾਰੇ ਸਾਡੇ ਕੋਲ ਬਹੁਤ ਘੱਟ ਜਾਣਕਾਰੀ ਹੈ ਅਤੇ ਇਹ ਇਸ ਬਿਮਾਰੀ ਨੂੰ ਆਲਮੀ ਆਫ਼ਤ ਐਲਾਨਣ ਲਈ ਕਾਫ਼ੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਮੰਕੀਪੌਕਸ ਮੱਧ ਅਤੇ ਪੱਛਮੀ ਅਫਰੀਕਾ ਦੇ ਕਈ ਹਿੱਸਿਆਂ ਵਿੱਚ ਮੌਜੂਦ ਹੈ ਪਰ ਅਫਰੀਕੀ ਮਹਾਦੀਪ ਤੋਂ ਬਾਹਰ ਵੱਡੇ ਪੱਧਰ ’ਤੇ ਇਸ ਮਹਾਮਾਰੀ ਦਾ ਅਸਰ ਪਹਿਲਾਂ ਕਦੇ ਨਹੀਂ ਰਿਹਾ ਸੀ ਅਤੇ ਮਈ ਤਕ ਲੋਕਾਂ ਵਿਚਾਲੇ ਇਹ ਤੇਜ਼ੀ ਨਹੀਂ ਫੈਲੀ ਸੀ।-ਏਜੰਸੀ