ਨਵੀਂ ਦਿੱਲੀ, 3 ਨਵੰਬਰ
ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ ਭਾਰਤ ਬਾਇਓਟੈੱਕ ਵੱਲੋਂ ਨਿਰਮਤ ਕੋਵਿਡ-19 ਵੈਕਸੀਨ ‘ਕੋਵੈਕਸੀਨ’ ਦੀ ਹੰਗਾਮੀ ਹਾਲਾਤ ਵਿੱਚ ਵਰਤੋਂ ਕੀਤੇ ਜਾਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਡਬਲਿਊਐੱਚਓ ਨੇ ਤਕਨੀਕੀ ਸਲਾਹਕਾਰ ਸਮੂਹ (ਟੈਗ) ਦੀ ਸਿਫਾਰਸ਼ ’ਤੇ ਇਹ ਫੈਸਲਾ ਲਿਆ ਹੈ। ਟੈਗ ਨੇ ‘ਕੋਵੈਕਸੀਨ’ ਨੂੰ ਹੰਗਾਮੀ ਵਰਤੋਂ ਵਾਲੀ ਸੂਚੀ (ਈਯੂਐੱਲ) ਵਿੱਚ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਸੀ। ਆਲਮੀ ਸਿਹਤ ਸੰਸਥਾ ਨੇ ਇਕ ਟਵੀਟ ਵਿੱਚ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦੇੇਣ ਦੀ ਪੁਸ਼ਟੀ ਕੀਤੀ ਹੈ।
ਡਬਲਿਊਐੱਚਓ ਦੀ ਦੱਖਣ ਪੂਰਬੀ ਏਸ਼ੀਆ ਲਈ ਖੇਤਰੀ ਡਾਇਰੈਕਟਰ ਡਾ.ਪੂਨਮ ਖੇਤਰਪਾਲ ਸਿੰਘ ਨੇ ਇਕ ਟਵੀਟ ਵਿੱਚ ਕਿਹਾ, ‘‘ਦੇਸ਼ ਵਿੱਚ ਨਿਰਮਤ ਕੋਵਿਡ-19 ਵੈਕਸੀਨ ‘ਕੋਵੈਕਸੀਨ’ ਨੂੰ ਹੰਗਾਮੀ ਵਰਤੋਂ ਵਾਲੀ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਲਈ ਭਾਰਤ ਨੂੰ ਵਧਾਈਆਂ।’’ ਵਿਸ਼ਵ ਸਿਹਤ ਸੰਸਥਾ ਵੱਲੋਂ ਪਿਛਲੇ ਦਿਨਾਂ ਵਿੱਚ ਕੋਵੈਕਸੀਨ ਦੇ ਕਲੀਨਿਕਲ ਟਰਾਇਲ ਡੇਟਾ ਦੀ ਸਮੀਖਿਆ ਕੀਤੀ ਜਾ ਰਹੀ ਸੀ। ‘ਟੈਗ’ ਨੇ 26 ਅਕਤੂਬਰ ਨੂੰ ਭਾਰਤ ਬਾਇਓਟੈੱਕ ਤੋਂ ਕੋਵੈਕਸੀਨ ਬਾਰੇ ਵਧੀਕ ਸਪਸ਼ਟੀਕਰਨ’ ਮੰਗਿਆ ਸੀ ਤਾਂ ਕਿ ਵੈਕਸੀਨ ਦੀ ਹੰਗਾਮੀ ਹਾਲਤ ’ਚ ਵਰਤੋਂ ਲਈ ‘ਜੋਖ਼ਮ-ਲਾਭ ਦੀ ਆਖਰੀ ਸਮੀਖਿਆ’ ਕੀਤੀ ਜਾ ਸਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੇ ਦਿਨੀਂ ਜੀ-20 ਸਿਖਰ ਵਾਰਤਾ ਦੌਰਾਨ ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਡਾ.ਟੈਡਰੋਸ ਅਧਾਨੋਮ ਗੈਬਰੇਸਿਸ ਨਾਲ ਮੁਲਾਕਾਤ ਕੀਤੀ ਸੀ।
ਟੈਗ-ਈਯੂਐੱਲ ਨਿਰਪੱਖ ਸਲਾਹਕਾਰ ਸਮੂਹ ਹੈ, ਜੋ ਵਿਸ਼ਵ ਸਿਹਤ ਸੰਸਥਾ ਨੂੰ ਸਿਫਾਰਸ਼ਾਂ ਕਰਦਾ ਹੈ। ਕੋਵੈਕਸੀਨ ਕੋਵਿਡ-19 ਦੇ ਲੱਛਣਾਂ ਨਾਲ ਗ੍ਰਸਤ ਵਿਅਕਤੀ ’ਤੇ 77.8 ਫੀਸਦ ਅਸਰਦਾਰ ਹੈ ਜਦੋਂਕਿ ਨਵੇਂ ਡੇਲਟਾ ਵੇਰੀਐਂਟ (ਰੂਪ) ਖ਼ਿਲਾਫ਼ 65.2 ਫੀਸਦ ਸੁਰੱਖਿਆ ਦਿੰਦੀ ਹੈ। ਭਾਰਤ ਬਾਇਓਟੈੱਕ ਨੇ ਇਸ ਸਾਲ ਜੂਨ ਵਿੱਚ ਦਾਅਵਾ ਕੀਤਾ ਸੀ ਕਿ ਉਸ ਨੇ ਕੋਵੈਕਸੀਨ ਦੇ ਅਸਰ ਨੂੰ ਵੇਖਣ ਲਈ ਤੀਜੇ ਗੇੜ ਦੇ ਟਰਾਇਲਾਂ ਦੀ ਅੰਤਿਮ ਸਮੀਖਿਆ ਕਰ ਲਈ ਹੈ। ਭਾਰਤ ਵਿੱਚ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਮੌਕੇ ਮੁੱਖ ਤੌਰ ’ਤੇ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਤੇ ਐਸਟਰਾਜ਼ੈਨੇਕਾ ਤੇ ਆਕਸਫੋਰਡ ਯੂਨੀਵਰਸਿਟੀ ਦੀ ਕੋਵੀਸ਼ੀਲਡ ਦੀਆਂ ਖੁਰਾਕਾਂ ਲਾਈਆਂ ਜਾ ਰਹੀਆਂ ਹਨ। -ਪੀਟੀਆਈ