ਨਵੀਂ ਦਿੱਲੀ, 7 ਜਨਵਰੀ
ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਮੀਡੀਆ ਵਿਚ ਆਈਆਂ ਉਨ੍ਹਾਂ ਖ਼ਬਰਾਂ ਨੂੰ ਬੇਹੱਦ ਗਲਤ ਅਤੇ ਭਰਮਾਊ ਕਰਾਰ ਦਿੱਤਾ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਡਬਲਿਊਐੱਚਓ ਵੱਲੋਂ 15 ਤੋਂ 18 ਸਾਲ ਉਮਰ ਵਰਗ ਲਈ ਕੋਵੈਕਸੀਨ ਟੀਕੇ ਨੂੰ ‘ਐਮਰਜੈਂਸੀ ਇਸਤੇਮਾਲ ਸੂਚੀ’ ਵਿਚ ਸ਼ਾਮਲ ਨਾ ਕੀਤੇ ਜਾਣ ਦੇ ਬਾਵਜੂਦ ਇਸ ਟੀਕੇ ਦੀ ਮਨਜ਼ੂਰੀ ਦਿੱਤੀ ਗਈ। ਬਿਆਨ ਵਿਚ ਕਿਹਾ ਗਿਆ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਵਿਸ਼ਵ ਸਿਹਤ ਸੰਸਥਾ ਦੀ ਈਯੂਐੱਲ ਬਾਰੇ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ। ਸਿਹਤ ਮੰਤਰਾਲੇ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਬੇਹੱਦ ਗ਼ਲਤ, ਭਰਮਾਊ ਅਤੇ ਸੱਚ ਤੋਂ ਕੋਹਾਂ ਦੂਰ ਹਨ।’’ ਮੰਤਰਾਲੇ ਵੱਲੋਂ 27 ਦਸੰਬਰ 2021 ਨੂੰ ‘‘15-18 ਸਾਲ ਉਮਰ ਵਰਗ ਦੇ ਨਵੇਂ ਲਾਭਪਾਤਰੀ’’ ਸਿਰਲੇਖ ਹੇਠ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ‘‘ਅਜਿਹੇ ਲਾਭਪਾਤਰੀਆਂ ਲਈ ਟੀਕਾਕਰਨ ਵਿਚ ਸਿਰਫ਼ ਕੋਵੈਕਸੀਨ ਦਾ ਬਦਲ ਉਪਲਬਧ ਹੋਵੇਗਾ ਕਿਉਂਕਿ 15-18 ਸਾਲ ਉਮਰ ਵਰਗ ਵਿਚ ਈਯੂਐੱਲ ਦੇ ਨਾਲ ਇਹ ਇਕਮਾਤਰ ਟੀਕਾ ਹੈ।’’ -ਪੀਟੀਆਈ