ਨਵੀਂ ਦਿੱਲੀ: ਥੋਕ ਕੀਮਤ ਸੂਚਕ ਅੰਕ ’ਤੇ ਆਧਾਰਿਤ ਮਹਿੰਗਾਈ ਦਰ ਅਕਤੂਬਰ ’ਚ ਵਧ ਕੇ ਚਾਰ ਮਹੀਨੇ ਦੇ ਉਪਰਲੇ ਪੱਧਰ 2.36 ਫ਼ੀਸਦ ’ਤੇ ਪਹੁੰਚ ਗਈ ਹੈ। ਖੁਰਾਕੀ ਵਸਤਾਂ ਖਾਸ ਕਰਕੇ ਸਬਜ਼ੀਆਂ ਅਤੇ ਮੈਨੂਫੈਕਚਰਡ ਵਸਤਾਂ ਦੇ ਭਾਅ ਵਧਣ ਕਾਰਨ ਥੋਕ ਮਹਿੰਗਾਈ ਦਰ ’ਚ ਵਾਧਾ ਦਰਜ ਹੋਇਆ ਹੈ। ਥੋਕ ਕੀਮਤ ਸੂਚਕ ਅੰਕ (ਡਬਲਿਊਪੀਆਈ) ਆਧਾਰਿਤ ਮਹਿੰਗਾਈ ਦਰ ਸਤੰਬਰ ’ਚ 1.84 ਫ਼ੀਸਦ ਦੇ ਪੱਧਰ ’ਤੇ ਸੀ। ਪਿਛਲੇ ਸਾਲ ਅਕਤੂਬਰ ’ਚ ਇਹ ਸਿਫ਼ਰ ਤੋਂ 0.26 ਫ਼ੀਸਦ ਹੇਠਾਂ ਸੀ। ਸਰਕਾਰ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਅਕਤੂਬਰ ’ਚ ਵਧ ਕੇ 13.54 ਫ਼ੀਸਦ ਹੋ ਗਈ ਜਦਕਿ ਸਤੰਬਰ ’ਚ ਇਹ 11.53 ਫ਼ੀਸਦ ਸੀ। -ਪੀਟੀਆਈ