ਨਵੀਂ ਦਿੱਲੀ, 29 ਅਪਰੈਲ
ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਹੈ ਕਿ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓਸੀਆਈ) ਕਾਰਡ ਧਾਰਕ ਵਿਅਕਤੀ ਨੂੰ ਯੂਕੇ ਡਿਪੋਰਟ ਕਿਉਂ ਕੀਤਾ ਗਿਆ। ਉਹ 5 ਮਾਰਚ ਨੂੰ ਇਥੇ ਆਪਣੇ ਪਰਿਵਾਰ ਨੂੰ ਮਿਲਣ ਲਈ ਆਇਆ ਸੀ। ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਯੂਕੇ ਨਾਗਰਿਕ ਦਾ ਨਾਮ ਕਾਲੀ ਸੂਚੀ ’ਚ ਸੀ ਕਿਉਂਕਿ ਉਹ ਪਿਛਲੇ ਸਾਲ ਮਾਰਚ ’ਚ ਤਬਲੀਗੀ ਜਮਾਤ ਦੇ ਪ੍ਰੋਗਰਾਮ ’ਚ ਸ਼ਾਮਲ ਹੋਇਆ ਸੀ। ਜਸਟਿਸ ਪ੍ਰਤਿਭਾ ਐੱਮ ਸਿੰਘ ਨੇ ਕਿਹਾ ਕਿ ਤਬਲੀਗੀ ਮਾਮਲਾ ਬਹੁਤ ਪਹਿਲਾਂ ਖ਼ਤਮ ਹੋ ਗਿਆ ਹੈ ਅਤੇ ਪਟੀਸ਼ਨਰ ਕੋਲ ਵੈਧ ਓਸੀਆਈ ਕਾਰਡ ਹੈ। ਹਾਈ ਕੋਰਟ ਨੇ ਕੇਂਦਰ ਨੂੰ ਨੋਟਿਸ ਜਾਰੀ ਕਰਦਿਆਂ ਉਸ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ। ਪਟੀਸ਼ਨਰ ਮੁਤਾਬਕ ਉਸ ਦੀ ਪਤਨੀ ਅਤੇ ਮਾਪੇ ਭਾਰਤ ’ਚ ਰਹਿੰਦੇ ਹਨ ਅਤੇ ਉਹ ਉਨ੍ਹਾਂ ਨੂੰ ਮਿਲਣ ਲਈ ਇਥੇ ਆਇਆ ਸੀ। -ਪੀਟੀਆਈ