ਕੋਲਕਾਤਾ, 9 ਜੂਨ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਰਿੰਦਰ ਮੋਦੀ ਸਰਕਾਰ ’ਤੇ ਸੰਘਵਾਦ ਦੇ ਆਸ਼ੇ ਤੋਂ ਥਿੜਕਣ ਦਾ ਦੋਸ਼ ਲਾਉਂਦਿਆਂ ਹੈਰਾਨੀ ਜਤਾਈ ਕਿ ਕੇਂਦਰ ਸਰਕਾਰ ਨੇ 25 ਫੀਸਦ ਕੋਵਿਡ-19 ਵੈਕਸੀਨਾਂ ਨਿੱਜੀ ਹਸਪਤਾਲਾਂ ਨੂੰ ਵੰਡਣ ਦਾ ਅਧਿਕਾਰ ਰਾਜਾਂ ਨੂੰ ਦੇਣ ਦੀ ਥਾਂ ਆਪਣੇ ਕੋਲ ਕਿਉਂ ਰੱਖਿਆ। ਚੇਤੇ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਕੇਂਦਰ ਸਰਕਾਰ ਨੇ ਵੈਕਸੀਨ ਨਿਰਮਾਤਾਵਾਂ ਤੋਂ 75 ਫੀਸਦ ਟੀਕੇ ਖਰੀਦਣ ਦਾ ਫੈਸਲਾ ਕੀਤਾ ਹੈ, ਜੋ ਅੱਗੇ ਰਾਜਾਂ ਨੂੰ ਮੁਫ਼ਤ ਮੁਹੱਈਆ ਕੀਤੇ ਜਾਣਗੇ ਜਦੋਂਕਿ ਪ੍ਰਾਈਵੇਟ ਹਸਪਤਾਲ ਬਾਕੀ ਬਚਦੇ 25 ਫੀਸਦ ਟੀਕੇ ਪਹਿਲਾਂ ਵਾਂਗ ਹਾਸਲ ਕਰ ਸਕਣਗੇ। -ਪੀਟੀਆਈ
ਆਫ਼ਤ ਮੌਕੇ ਭਾਜਪਾ ਦੇ ਸਿਰਕੱਢ ਆਗੂ ਨਜ਼ਰ ਨਹੀਂ ਆਉਂਦੇ: ਅਭਿਸ਼ੇਕ ਬੈਨਰਜੀ
ਬਹਿਰਾਮਪੁਰ: ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਹਾਲੀਆ ਅਸੈਂਬਲੀ ਚੋਣਾਂ ਦੌਰਾਨ ਪੱਛਮੀ ਬੰਗਾਲ ਵਿੱਚ ਗਰੀਬ ਲੋਕਾਂ ਦੇ ਘਰਾਂ ਦੀ ਫੇਰੀ ਪਾਉਣ ਵਾਲੇ ਦਿੱਲੀ ਤੋਂ ਆਉਂਦੇ ਭਾਜਪਾ ਦੇ ਕੱਦਾਵਰ ਆਗੂਆਂ ’ਤੇ ਚੁਟਕੀ ਲੈਂਦਿਆਂ ਅੱਜ ਕਿਹਾ ਕਿ ਜਦੋਂ ਕਦੇ ਸੂਬੇ ’ਤੇ ਆਫ਼ਤ ਆਉਂਦੀ ਹੈ ਤਾਂ ਇਹ ਸਿਰਕੱਢ ਆਗੂ ਗਾਇਬ ਹੋ ਜਾਂਦੇ ਹਨ। ਅਭਿਸ਼ੇਕ ਨੇ ਇਹ ਗੱਲ ਅਸਮਾਨੀ ਬਿਜਲੀ ਡਿੱਗਣ ਕਰਕੇ ਮਾਰੇ ਗਏ ਵਿਅਕਤੀਆਂ ਦੇ ਘਰਾਂ ਦੀ ਫੇਰੀ ਪਾਉਣ ਮੌਕੇ ਕਹੀ।