ਲਖਨਊ: ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਐਤਵਾਰ ਨੂੰ ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਦਲਿਤ ਵਿਅਕਤੀ ਦੀ ਕੁੱਟਮਾਰ ਕਰ ਕੇ ਉਸ ਨੂੰ ਮਾਰ ਦੇਣ ਦੀ ਘਟਨਾ ਨੂੰ ‘ਨਿੰਦਣਯੋਗ’ ਕਰਾਰ ਦਿੱਤਾ ਅਤੇ ਕਾਂਗਰਸ ਦੀ ਚੁੱਪੀ ’ਤੇ ਸਵਾਲ ਖੜ੍ਹੇ ਕੀਤੇ। ਹਿੰਦੀ ਵਿੱਚ ਲੜੀਵਾਰ ਟਵੀਟ ਕਰਦਿਆਂ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਦਲਿਤ ਦੀ ਕੁੱਟਮਾਰ ਕਰ ਕੇ ਉਸ ਨੂੰ ਮਾਰ ਦਿੱਤਾ ਗਿਆ। ਇਹ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਹੈ, ਪਰ ਕਾਂਗਰਸ ਹਾਈ ਕਮਾਂਡ ਇਸ ਬਾਰੇ ਚੁੱਪ ਕਿਉਂ ਹੈ।’ ਰਾਜਸਥਾਨ ਪੁਲੀਸ ਨੇ ਦੱਸਿਆ ਕਿ 7 ਅਕਤੂਬਰ ਨੂੰ ਹਨੂੰਮਾਨਗੜ੍ਹ ਵਿੱਚ ਇੱਕ ਦਲਿਤ ਵਿਅਕਤੀ ਨੂੰ ਉਸ ਦੇ ਪ੍ਰੇਮ ਸਬੰਧਾਂ ਕਾਰਨ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਇਸ ਮਾਮਲੇ ਸਬੰਧੀ ਤਿੰਨ ਵਿਅਕਤੀਆਂ ਨੂੰ ਸ਼ਨਿੱਚਰਵਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮਾਇਆਵਤੀ ਨੇ ਕਿਹਾ,‘ਕੀ ਛਤੀਸਗੜ੍ਹ ਤੇ ਪੰਜਾਬ ਦੇ ਮੁੱਖ ਮੰਤਰੀ ਉੱਥੇ ਜਾਣਗੇ ਅਤੇ ਪੀੜਤ ਦੇ ਪਰਿਵਾਰ ਨੂੰ ਪੰਜਾਹ ਲੱਖ ਦੀ ਮਦਦ ਦੇਣਗੇੇ? ਬਸਪਾ ਜਵਾਬ ਮੰਗਦੀ ਹੈ, ਨਹੀਂ ਤਾਂ ਦਲਿਤਾਂ ਦੇ ਨਾਂ ’ਤੇ ਮਗਰਮੱਛ ਦੀ ਹੰਝੂ ਵਹਾਉਣੇ ਬੰਦ ਕਰ ਦੇਣੇ ਚਾਹੀਦੇ ਹਨ।’ -ਪੀਟੀਆਈ