ਕੋਲਕਾਤਾ, 1 ਜੁਲਾਈ
ਤ੍ਰਿਣਮੂਲ ਕਾਂਗਰਸ ਨੇ ਅੱਜ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ’ਤੇ ਹਮਲਾ ਬੋਲਦਿਆਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸੂਬੇ ਦੀ ਹਾਕਮ ਧਿਰ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਜਾਣ ਤੋਂ ਦੋ ਦਿਨ ਬਾਅਦ ਵੀ ਉਹ ਚੁੱਪ ਹਨ। ਉੱਧਰ ਭਾਜਪਾ ਨੇ ਦੋਸ਼ ਲਾਇਆ ਕਿ ਟੀਐੱਮਸੀ ਬਿਨਾਂ ਕਿਸੇ ਸਬੂਤ ਤੇ ਰਾਜ ਖ਼ਿਲਾਫ਼ ਦੋਸ਼ ਲਾ ਰਹੀ ਹੈ। ਰਾਜ ਸਭਾ ’ਚ ਟੀਐੱਮਸੀ ਦੇ ਉਪ ਆਗੂ ਸੁਖੇਂਦੂ ਸ਼ੇਖਰ ਰੌਏ ਨੇ ਕਿਹਾ ਕਿ ਰਾਜਪਾਲ ਨੂੰ ਇਸ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਹਵਾਲਾ ਡਾਇਰੀ ਦੇ ਸਫ਼ਾ 3 ’ਤੇ ਲਿਖਿਆ ਹੋਇਆ ਨਾਂ ‘ਜਗਦੀਪ ਧਨਖੜ’ ਉਨ੍ਹਾਂ ਦਾ ਹੀ ਹੈ ਜਾਂ ਨਹੀਂ। ਰੌਏ ਨੇ ਕਿਹਾ ਕਿ ਧਨਖੜ ਨੇ ਅਜੇ ਟੀਐੱਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਦੇ ਉਸ ਟਵੀਟ ਦਾ ਵੀ ਜਵਾਬ ਨਹੀਂ ਦਿੱਤਾ ਜਿਸ ’ਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ ‘ਗ਼ੈਰ-ਕਾਨੂੰਨੀ ਰਿਹਾਇਸ਼ੀ ਜ਼ਮੀਨ ਅਲਾਟਮੈਂਟ’ ’ਚ ਲਾਭਪਾਤਰੀ ਸਨ ਜਿਸ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 1997 ’ਚ ਰੱਦ ਕਰ ਦਿੱਤਾ ਸੀ। ਦੋਸ਼ਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਕਿ ਟੀਐੱਮਸੀ ਆਗੂ ਰਾਜਪਾਲ ਖ਼ਿਲਾਫ਼ ਬੇਬੁਨਿਆਦ ਦੋਸ਼ ਲਾ ਰਹੇ ਹਨ ਜਿਸ ਦਾ ਕੋਈ ਸਬੂਤ ਨਹੀਂ ਹੈ ਅਤੇ ਉਹ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ।
-ਪੀਟੀਆਈ