ਮੁੰਬਈ, 10 ਜੁਲਾਈ
ਬੰਬਈ ਹਾਈ ਕੋਰਟ ਨੇ ਅੱਜ ਇਹ ਜਾਣਨਾ ਚਾਹਿਆ ਕਿ ਕੋਵਿਡ-19 ਪਾਜ਼ੇਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੇ ਨਾਵਾਂ ਦਾ ਖ਼ੁਲਾਸਾ ਕਿਉਂ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਇਹ ਮਾਮਲਾ ਅਜਿਹੇ ਮਰੀਜ਼ਾਂ ਦੇ ਨਿੱਜਤਾ ਦੇ ਅਧਿਕਾਰਾਂ ਨਾਲ ਸਬੰਧਤ ਹੈ। ਜਸਟਿਸ ਏ.ਏ. ਸਈਦ ਅਤੇ ਜਸਟਿਸ ਐੱਮ.ਐੱਸ. ਕਾਰਨਿਕ ਦੀ ਅਗਵਾਈ ਵਾਲੇ ਬੈਂਚ ਵਲੋਂ ਕਰੋਨਾਵਾਇਰਸ ਮਰੀਜ਼ਾਂ ਦੇ ਨਾਵਾਂ ਦਾ ਖ਼ੁਲਾਸਾ ਕਰਨ ਸਬੰਧੀ ਦੋ ਵਿਅਕਤੀਆਂ ਵਲੋਂ ਪਾਈ ਪਟੀਸ਼ਨ ’ਤੇ ਸੁਣਵਾਈ ਕੀਤੀ ਜਾ ਰਹੀ ਸੀ। ਇਸ ਪਟੀਸ਼ਨ ’ਚ ਕਿਹਾ ਗਿਆ ਸੀ ਕਿ ਸੰਪਰਕ ਲੱਭਣ ਅਤੇ ਹੋਰਾਂ ਨੂੰ ਲਾਗ ਤੋਂ ਬਚਾਊਣ ਲਈ ਕਰੋਨਾ ਮਰੀਜ਼ਾਂ ਦੇ ਨਾਂ ਜਨਤਕ ਕੀਤੇ ਜਾਣ। ਅਦਾਲਤ ਨੇ ਕਿਹਾ ਕਿ ਕੀ ਖੇਤਰ ਦਾ ਨਾਂ ਦੱਸਣਾ ਅਤੇ ਕਿਸੇ ਥਾਂ ਜਾਂ ਇਮਾਰਤ ਨੂੰ ਕੰਟੇਨਮੈਂਟ ਜ਼ੋਨ ਐਲਾਨਣਾ ਕਾਫ਼ੀ ਨਹੀਂ ਹੈ। ਅਦਾਲਤ ਨੇ ਇਸ ਸਬੰਧੀ ਮਹਾਰਾਸ਼ਟਰ ਸਰਕਾਰ ਤੋਂ ਜਵਾਬ ਮੰਗਿਆ ਹੈ। -ਪੀਟੀਆਈ