ਨਵੀਂ ਦਿੱਲੀ (ਟਨਸ): ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਪੱਤਰ ਲਿਖ ਕੇ ਸਿਹਤ ਪ੍ਰਬੰਧਾਂ ਤੇ ਡਾਕਟਰਾਂ ਨੂੰ ਸਾਹ ਦਿਵਾਉਣ ਲਈ ਦੇਸ਼ ਵਿੱਚ ਤੁਰੰਤ ਤਾਲਾਬੰਦੀ ਕਰਨ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਨੇ ਸਵਾਲ ਕੀਤਾ ਹੈ ਕਿ ਮੌਤਾਂ ਦੀ ਗਿਣਤੀ ਬਾਰੇ ਅਸਲੀਅਤ ਕਿਉਂ ਛੁਪਾਈ ਜਾ ਰਹੀ ਹੈ? ਦੇਸ਼ ਵਿੱਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਚਾਰ ਹਜ਼ਾਰ ਅਤੇ ਕੇਸ ਚਾਰ ਲੱਖ ਤੋਂ ਵੱਧ ਆਉਣ ਤੋਂ ਬਾਅਦ ਐਸੋਸੀਏਸ਼ਨ ਨੇ ਸਰਕਾਰ ਨੂੰ ਇਹ ਪੱਤਰ ਲਿਖਿਆ ਹੈ। ਆਈਐੱਮਏ ਨੇ ਪੱਤਰ ਵਿੱਚ ਲਿਖਿਆ, ‘‘ਐਸੋਸੀਏਸ਼ਨ ਪਿਛਲੇ 20 ਦਿਨਾਂ ਤੋਂ ਸਿਹਤ ਢਾਂਚੇ ਨੂੰ ਰਾਹਤ ਦੇਣ ਲਈ ਸੂਬਿਆਂ ਦੀ ਬਜਾਏ ਦੇਸ਼ ਵਿੱਚ ਤਾਲਾਬੰਦੀ ਉੱਤੇ ਜ਼ੋਰ ਦੇ ਰਹੀ ਹੈ। ਤਾਲਾਬੰਦੀ ਹੀ ਇਸ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕ ਸਕੇਗੀ। ਤਾਲਾਬੰਦੀ ਨਾ ਲਾਏ ਜਾਣ ਕਾਰਨ ਹੀ ਰੋਜ਼ਾਨਾ ਚਾਰ ਲੱਖ ਕੇਸ ਆ ਰਹੇ ਹਨ।’’ ਆਈਐੱਮਏ ਨੇ ਵੱਖ-ਵੱਖ ਵੈਕਸੀਨ ਕੀਮਤ ਨੀਤੀ ਅਤੇ ਆਕਸੀਜਨ ਸੰਕਟ ’ਤੇ ਵੀ ਸਵਾਲ ਉਠਾਏ ਹਨ। ਐਸੋਸੀਏਸ਼ਨ ਨੇ ਕੋਵਿਡ ਅੰਕੜੇ ਛੁਪਾਉਣ ਬਾਰੇ ਸਵਾਲ ਕੀਤਾ, ‘‘ਅਸੀਂ ਕਰੋਨਾ ਦੀ ਪਹਿਲੀ ਲਹਿਰ ਦੌਰਾਨ 756 ਅਤੇ ਦੂਜੀ ਲਹਿਰ ਦੌਰਾਨ 146 ਡਾਕਟਰ ਗੁਆ ਚੁੱਕੇ ਹਾਂ। ਛੋਟੇ ਹਸਪਤਾਲਾਂ ਵਿੱਚ ਸੈਂਕੜੇ ਮੌਤਾਂ ਹੋ ਰਹੀਆਂ ਹਨ ਅਤੇ ਸ਼ਮਸ਼ਾਨਘਾਟ ਭਰੇ ਪਏ ਹਨ। ਸੀਟੀ ਸਕੈਨ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਵਜੂਦ ਇਸ ਨੂੰ ਕੇਸਾਂ ਵਿੱਚ ਗਿਣਿਆ ਨਹੀਂ ਜਾਂਦਾ। ਸਾਡੇ ਕੋਲੋਂ ਮੌਤਾਂ ਦੀ ਅਸਲੀਅਤ ਛੁਪਾਉਣ ਦੀ ਕੋਸ਼ਿਸ਼ ਕਿਉਂ ਹੋ ਰਹੀ ਹੈ? ਜੇਕਰ ਲੋਕ ਮੌਤਾਂ ਦੀ ਅਸਲ ਗਿਣਤੀ ਬਾਰੇ ਜਾਣਗੇ ਤਾਂ ਹੀ ਜਾਗਣਗੇ।’’ ਆਈਐੱਮਏ ਨੇ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਾਗਣ ਦਾ ਮਸ਼ਵਰਾ ਦਿੱਤਾ ਹੈ।