ਕੋਲਕਾਤਾ, 17 ਮਈ
ਤ੍ਰਿਣਮੂਲ ਕਾਂਗਰਸ ਨੇ ਅੱਜ ਪਾਰਟੀ ਦੇ ਚਾਰ ਆਗੂਆਂ ਖ਼ਿਲਾਫ਼ ਸੀਬੀਆਈ ਦੀ ਕਾਰਵਾਈ ਦੇ ਮਾਮਲੇ ’ਚ ਮੁਕੁਲ ਰੌਇ ਤੇ ਸ਼ੁਵੇਂਦੂ ਅਧਿਕਾਰੀ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਨੂੰ ਲੈ ਕੇ ਸਵਾਲ ਕੀਤਾ।
ਮੁੱਖ ਮੰਤਰੀ ਦੇ ਬੁਲਾਰੇ ਤੇ ਵਕੀਲ ਆਨਿੰਦਿਓ ਰਾਊਤ ਨੇ ਮਮਤਾ ਬੈਨਰਜੀ ਦੇ ਹਵਾਲੇ ਨਾਲ ਪੱਤਰਕਾਰਾਂ ਨੂੰ ਕਿਹਾ, ‘ਇਹ ਗ੍ਰਿਫ਼ਤਾਰੀਆਂ ਸਿਆਸਤ ਤੋਂ ਪ੍ਰੇਰਿਤ ਤੇ ਗੈਰਕਾਨੂੰਨੀ ਹਨ। ਸ਼ੁਵੇਂਦੂ ਅਧਿਕਾਰੀ ਤੇ ਮੁਕੁਲ ਰੌਇ ਖ਼ਿਲਾਫ਼ ਇਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਹੋਈ ਹਾਲਾਂਕਿ ਉਨ੍ਹਾਂ ਖ਼ਿਲਾਫ਼ ਵੀ ਇਹੀ ਦੋਸ਼ ਲਾਏ ਗਏ ਸਨ।’ ਟੀਐੱਮਸੀ ਦੇ ਬੁਲਾਰੇ ਕੁਨਾਲ ਘੋਸ਼ ਨੇ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਸਵਾਲ ਕੀਤਾ ਕਿ ਟੀਐੱਮਸੀ ਛੱਡ ਕੇ ਭਾਜਪਾ ’ਚ ਚਲੇ ਗਏ ਮੁਕੁਲ ਰੌਇ ਤੇ ਸ਼ੁਵੇਂਦੂ ਅਧਿਕਾਰੀ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਦਕਿ ਉਨ੍ਹਾਂ ਦੇ ਨਾਂ ਵੀ ਇਸ ਮਾਮਲੇ ’ਚ ਸਾਹਮਣੇ ਆਏ ਸਨ। ਉਨ੍ਹਾਂ ਕਿਹਾ, ‘ਬੰਗਾਲ ’ਚ ਰੋਜ਼ਾਨਾ ਆਉਣ-ਜਾਣ ਵਾਲੇ ਜਿਨ੍ਹਾਂ ਮੁਸਾਫ਼ਰਾਂ ਨੂੰ ਰਾਜ ਦੀ ਜਨਤਾ ਨੇ ਚੋਣਾਂ ’ਚ ਪੂਰੀ ਤਰ੍ਹਾਂ ਨਕਾਰ ਦਿੱਤਾ, ਉਨ੍ਹਾਂ ਇਸ ਮਹਾਮਾਰੀ ਦੇ ਸੰਕਟ ਦਰਮਿਆਨ ਪਿਛਲੇ ਰਸਤਿਓਂ ਦਾਖਲ ਹੋਣ ਦੀ ਸਾਜ਼ਿਸ਼ ਰਚੀ ਹੈ।’ ਉਨ੍ਹਾਂ ਪਾਰਟੀ ਵਰਕਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੀਬੀਆਈ ਦੀ ਕਾਰਵਾਈ ਬਦਲਾਲਊ ਕਦਮ ਹੈ ਅਤੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਹਾਰ ਦਾ ਨਤੀਜਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਚੋਣਾਂ ਜਿੱਤਣ ਲਈ ਹਰ ਕੋਸ਼ਿਸ਼ ਕਰਨ ਦੇ ਬਾਵਜੂਦ ਮਿਲੀ ਹਾਰ ਬਰਦਾਸ਼ਤ ਨਹੀਂ ਕਰ ਪਾ ਰਹੀ ਹੈ। ਉਨ੍ਹਾਂ ਕਿਹਾ, ‘ਜਦੋਂ ਸੂਬਾ ਕੋਵਿਡ-19 ਦੇ ਹਾਲਾਤ ਨਾਲ ਨਜਿੱਠ ਰਿਹਾ ਹੈ ਤਾਂ ਉਹ ਅਜਿਹੀ ਗੜਬੜੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।’ ਟੀਐੱਮਸੀ ਦੇ ਸੰਸਦ ਮੈਂਬਰ ਸੌਗਾਤ ਰੌਇ ਨੇ ਇਸ ਕੇਂਦਰ ਸਰਕਾਰ ਦੀ ਬਦਲਾਲਊ ਕਾਰਵਾਈ ਕਰਾਰ ਦਿੱਤਾ। ਪਾਰਟੀ ਵਿਧਾਇਕ ਤਾਪਸ ਰੌਇ ਨੇ ਕਿਹਾ ਕਿ ਸੀਬੀਆਈ ਦੀ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ। -ਪੀਟੀਆਈ