ਬਹਿਰਾਈਚ (ਯੂਪੀ), 22 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਧਮਾਕਾ ਮਾਮਲੇ ਵਿਚ ਅਦਾਲਤ ਦੇ ਫ਼ੈਸਲੇ ’ਤੇ ਵਿਰੋਧੀ ਧਿਰ ਦੀ ਚੁੱਪ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸਮਾਜਵਾਦੀ ਪਾਰਟੀ (ਸਪਾ) ਉਤਰ ਪ੍ਰਦੇਸ਼ ਵਿਚ ਹੋਏ ਧਮਾਕਿਆਂ ਨਾਲ ਸਬੰਧਿਤ ਲੋਕਾਂ ਖ਼ਿਲਾਫ਼ ਕੇਸ ਵਾਪਸ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਮਾਜਵਾਦੀ ਪਾਰਟੀ ਦੀ ਸਰਕਾਰ ਅਤਿਵਾਦ ਨੂੰ ਠੱਲ੍ਹਣ ਅਤੇ ਅਤਿਵਾਦ ਸੰਗਠਨਾਂ ’ਤੇ ਰੋਕ ਲਾਉਣ ਦੇ ਹੱਕ ਵਿੱਚ ਨਹੀਂ ਹੈ।
ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਪਾ ਆਗੂਆਂ ਨੇ ਜੇਲ੍ਹਾਂ ਵਿਚ ਬੰਦ ਅਤਿਵਾਦੀਆਂ ਨੂੰ ਬਾਹਰ ਕੱਢਣ ਲਈ ਯਤਨ ਕੀਤੇ। ਉਨ੍ਹਾਂ ਨੇ ਇਨ੍ਹਾਂ ਖ਼ਿਲਾਫ਼ ਕੋਈ ਕੇਸ ਨਹੀਂ ਚਲਾਇਆ। ਸਪਾ ਤਾਂ ਅਤਿਵਾਦ ਸੰਗਠਨਾਂ ’ਤੇ ਰੋਕ ਲਾਉਣ ਦੇ ਵੀ ਖ਼ਿਲਾਫ਼ ਹੈ। -ਪੀਟੀਆਈ
ਭਾਜਪਾ ਹੀ ਮਨੀਪੁਰ ਦਾ ਵਿਕਾਸ ਕਰੇਗੀ: ਮੋਦੀ
ਇੰਫਾਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਕੋਲ ਮਨੀਪੁਰ ਦੇ ਅਗਲੇ 25 ਸਾਲਾਂ ਦੇ ਵਿਕਾਸ ਦੀ ਵਿਉਂਤਬੰਦੀ ਹੈ। ਇੱਥੇ ਉੱਤਰੀ ਜ਼ਿਲ੍ਹੇ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿਚ ਪਿਛਲੇ ਪੰਜ ਸਾਲ ਸ਼ਾਂਤੀ ਰਹੀ। ਉਨ੍ਹਾਂ ਨੇ ਕਿਹਾ ਕਿ ਇਸ ਸ਼ਾਂਤੀ ਨੂੰ ਸਥਾਈ ਤੌਰ ’ਤੇ ਸਥਾਪਿਤ ਕਰਨ ਲਈ ਭਾਜਪਾ ਦੀ ਸਰਕਾਰ ਦੀ ਚੋਣ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਮਨੀਪੁਰ ਨੂੰ ਬਣਿਆਂ 50 ਸਾਲ ਹੋ ਗਏ ਹਨ। ਇਸ ਸਮੇਂ ਦੌਰਾਨ ਸੂਬਾ ਵੱਖ ਵੱਖ ਸਰਕਾਰਾਂ ਅਤੇ ਉਨ੍ਹਾਂ ਦੇ ਕੰਮਾਂ ਨੂੰ ਦੇਖ ਚੁੱਕਾ ਹੈ। ਪਰ ਪਿਛਲੇ ਦਹਾਕੇ ਤੋਂ ਇੱਥੇ ਕਾਂਗਰਸ ਦੇ ਰਾਜ ਕਾਰਨ ਵਖਰੇਵਿਆਂ ਵਿਚ ਵਾਧਾ ਹੋਇਆ।
ਮੋਦੀ ਝੂਠ ਬੋਲਣ ਵਿਚ ਜਗਤਗੁਰੂ: ਜੈਰਾਮ ਰਮੇਸ਼
ਨਵੀਂ ਦਿੱਲੀ: ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਮਨੀਪੁਰ ਦੀ ਰੈਲੀ ਵਿਚ ਝੂਠ ਬੋਲਣ ਦੇ ਦੋਸ਼ ਲਾਏ ਹਨ। ਉਨ੍ਹਾਂ ਸਵਾਲ ਕੀਤਾ ਕਿ ਇਸ ਦੌਰਾਨ ਨਰਿੰਦਰ ਮੋਦੀ ਨੇ ਸੂੁਬੇ ਦੇ ਮੁੱਢਲੇ ਮੁੱਦਿਆਂ ਜਿਵੇਂ ਅਫਸਪਾ, ਐਮਐਸਪੀ ਤੇ ਜ਼ਰੂਰੀ ਚੀਜ਼ਾਂ ਦੇ ਉੱਚੇ ਭਾਅ ਬਾਰੇ ਚੁੱਪ ਕਿਉਂ ਵੱਟੀ ਰੱਖੀ। ਮਨੀਪੁਰ ਵਿਧਾਨ ਸਭਾ ਚੋਣਾਂ ਸਬੰਧੀ ਅਬਜ਼ਰਵਰ ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਦੀ ਮਨੀਪੁਰ ਰੈਲੀ ਬਾਰੇ ਬੋਲਦਿਆਂ ਕਿਹਾ ਕਿ ਝੂਠ ਦੇ ਜਗਤਗੁਰੂ (ਨਰਿੰਦਰ ਮੋਦੀ) ਆਪਣੇ ਸੁਭਾਅ ’ਤੇ ਖ਼ਰੇ ਉਤਰੇ ਹਨ। -ਪੀਟੀਆਈ