ਨਵੀਂ ਦਿੱਲੀ, 10 ਅਗਸਤ
ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਇਜ਼ਰਾਇਲੀ ਕੰਪਨੀ ਐੱਨਐੱਸਓ ਨਾਲ ਕੋਈ ਲੈਣ-ਦੇਣ ਨਾ ਕਰਨ ਸਬੰਧੀ ਰੱਖਿਆ ਮੰਤਰਾਲੇ ਦੇ ਬਿਆਨ ਨੂੰ ਲੈ ਕੇ ਅੱਜ ਕਿਹਾ ਕਿ ਇਸ ਮਾਮਲੇ ’ਚ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਵਾਬ ਦੇ ਸਕਦੇ ਹਨ ਪਰ ਉਹ ਚੁੱਪ ਕਿਉਂ ਹਨ। ਸਾਬਕਾ ਗ੍ਰਹਿ ਮੰਤਰੀ ਨੇ ਟਵੀਟ ਕੀਤਾ, ‘ਰੱਖਿਆ ਮੰਤਰਾਲੇ ਨੇ ਐੱਨਐੱਸਓ ਸਮੂਹ (ਇਜ਼ਰਾਈਲ) ਨਾਲ ਕਿਸੇ ਵੀ ਸੌਦੇ ਤੋਂ ਇਨਕਾਰ ਕੀਤਾ ਹੈ। ਜੇਕਰ ਰੱਖਿਆ ਮੰਤਰਾਲਾ ਸਹੀ ਹੈ ਤਾਂ ਇੱਕ ਮੰਤਰਾਲੇ/ਵਿਭਾਗ ਨੂੰ ਇਸ ਤੋਂ ਵੱਖ ਕਰ ਦਿੰਦੇ ਹਾਂ ਪਰ ਬਾਕੀ ਅੱਧੀ ਦਰਜਨ ਸ਼ੱਕੀਆਂ ਬਾਰੇ ਕੀ ਕਹੋਗੇ?’ ਚਿਦੰਬਰਮ ਨੇ ਸਵਾਲ ਕੀਤਾ, ‘ਸਾਰੇ ਮੰਤਰਾਲਿਆਂ/ਵਿਭਾਗਾਂ ਵੱਲੋਂ ਸਿਰਫ਼ ਪ੍ਰਧਾਨ ਮੰਤਰੀ ਹੀ ਜਵਾਬ ਦੇ ਸਕਦੇ ਹਨ। ਉਹ ਚੁੱਪ ਕਿਉਂ ਹਨ?’ ਜ਼ਿਕਰਯੋਗ ਹੈ ਕਿ ਪੈਗਾਸਸ ਜਾਸੂਸੀ ਵਿਵਾਦ ਵਿਚਾਲੇ ਰੱਖਿਆ ਮੰਤਰਾਲੇ ਨੇ ਬੀਤੇ ਦਿਨ ਕਿਹਾ ਸੀ ਕਿ ਉਸ ਨੇ ਐੱਨਐੱਸਓ ਸਮੂਹ ਨਾਲ ਕੋਈ ਲੈਣ-ਦੇਣ ਨਹੀਂ ਕੀਤਾ ਹੈ। -ਪੀਟੀਆਈ