ਨਵੀਂ ਦਿੱਲੀ, 8 ਜੂਨ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਰੋਨਾਵਾਇਰਸ ਕੇਸਾਂ ਦੇ ਅੰਕੜਿਆਂ ਵਿੱਚ ਕਥਿਤ ਪਾਰਦਰਸ਼ਤਾ ਨਾ ਰੱਖਣ ਕਾਰਨ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਪੁੱਛਿਆ ਕਿ ਉਹ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੀ ਥਾਂ ਇਨ੍ਹਾਂ ਅੰਕੜਿਆਂ ਨੂੰ ਪ੍ਰਚਾਰ ਦਾ ‘ਸੰਦ’ ਕਿਉਂ ਬਣਾ ਰਹੀ ਹੈ। ‘ਜ਼ਿੰਮੇਵਾਰ ਕੌਣ’ ਮੁਹਿੰਮ ਤਹਿਤ ਜਾਰੀ ਵੀਡੀਓ ਵਿੱਚ ਕਾਂਗਰਸ ਜਨਰਲ ਸਕੱਤਰ ਨੇ ਕੋਵਿਡ ਅੰਕੜਿਆਂ ਸਬੰਧੀ ਕੇਂਦਰ ਸਰਕਾਰ ਨੂੰ ਕਈ ਸਵਾਲ ਕੀਤੇ। ਉਨ੍ਹਾਂ ਕੇਂਦਰ ਤੋਂ ਪੁੱਛਿਆ ਕਿ ਕਰੋਨਾ ਨਾਲ ਹੋਈਆਂ ਮੌਤਾਂ ਦੇ ਅਧਿਕਾਰਤ ਅੰਕੜਿਆਂ ਅਤੇ ਸ਼ਮਸਾਨਘਾਟਾਂ, ਕਬਰਗਾਹਾਂ ਤੇ ਹੋਰ ਸਰੋਤਾਂ ਤੋਂ ਇਕੱਠੇ ਕੀਤੇ ਅੰਕੜਿਆਂ ਵਿੱਚ ਵੱਡਾ ਫ਼ਰਕ ਕਿਉਂ ਹੈ। ਪ੍ਰਿਯੰਕਾ ਨੇ ਟਵਿੱਟਰ ਅਤੇ ਫੇਸਬੁੱਕ ’ਤੇ ਵੀਡੀਓ ਸਾਂਝੀ ਕਰਕੇ ਪੁੱਛਿਆ ਕਿ ਕੇਂਦਰ ਸਰਕਾਰ ਅੰਕੜਿਆਂ ਨੂੰ ਕੋਵਿਡ-19 ਨੂੰ ਫੈਲਣ ਤੋਂ ਰੋਕਣ ਦੀ ਬਜਾਏ ‘ਪ੍ਰਚਾਰ ਸੰਦ’ ਵਜੋਂ ਕਿਉਂ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਸੰਸਾਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਅੰਕੜਿਆਂ ਵਿੱਚ ਪਾਰਦਰਸ਼ਤਾ ਅਤੇ ਇਸ ਨੂੰ ਜਨਤਕ ਕਰਨ ਦੇ ਢੰਗ ਨਾਲ ਹੀ ‘ਅਸੀਂ ਕਰੋਨਾ ਖ਼ਿਲਾਫ਼ ਲੜਾਈ ਨੂੰ ਜਿੱਤ ਸਕਦੇ ਹਾਂ।’ ਉਨ੍ਹਾਂ ਸਵਾਲ ਕੀਤਾ, ‘ਸਾਡੀ ਸਰਕਾਰ ਅਜਿਹਾ ਕਿਉਂ ਨਹੀਂ ਕਰ ਰਹੀ।’’ -ਪੀਟੀਆਈ