ਨਵੀਂ ਦਿੱਲੀ, 4 ਦਸੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜਦੋਂ ਜੰਮੂ ਕਸ਼ਮੀਰ ’ਚ ਕਈ ਦਹਾਕਿਆਂ ਤੋਂ ਧਾਰਾ 370 ਲਾਗੂ ਸੀ ਤਾਂ ਉਸ ਸਮੇਂ ਉਥੇ ਸ਼ਾਂਤੀ ਕਿਉਂ ਨਹੀਂ ਹੋਈ। ਉਨ੍ਹਾਂ ਦਾਅਵਾ ਕੀਤਾ ਕਿ 2019 ’ਚ ਧਾਰਾ ਹਟਾਉਣ ਮਗਰੋਂ ਉਥੇ ਸ਼ਾਂਤੀ ਦੇ ਨਾਲ ਨਾਲ ਚੰਗਾ ਵਪਾਰਕ ਨਿਵੇਸ਼ ਹੋਇਆ ਹੈ ਅਤੇ ਸੈਲਾਨੀ ਆ ਰਹੇ ਹਨ। ਇਕ ਅਖ਼ਬਾਰ ਦੇ ਸਮਾਗਮ ਦੌਰਾਨ ਸ਼ਾਹ ਨੇ ਕਿਹਾ,‘‘ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਧਾਰਾ 370 ਅਤੇ 35-ਏ ਨੂੰ ਕਦੇ ਹਟਾਇਆ ਜਾ ਸਕਦਾ ਹੈ।’’ ਜੰਮੂ ਕਸ਼ਮੀਰ ’ਚ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਕਰਵਾਏ ਜਾਣ ਦੀ ਮੰਗ ਬਾਰੇ ਸ਼ਾਹ ਨੇ ਕਿਹਾ ਕਿ ਸੰਸਦ ਨੇ ਐਕਟ ਪਾਸ ਕੀਤਾ ਹੈ ਕਿ ਚੋਣਾਂ ਹੱਦਬੰਦੀ ਅਮਲ ਮੁਕੰਮਲ ਹੋਣ ਮਗਰੋਂ ਕਰਵਾਈਆਂ ਜਾਣਗੀਆਂ। ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਆਸੀ ਅਤੇ ਜਮਹੂਰੀ ਪ੍ਰਕਿਰਿਆ ਦਾ ਹਿੱਸਾ ਬਣਨ। ਗ੍ਰਹਿ ਮੰਤਰੀ ਨੇ ਕਿਹਾ ਕਿ ਕਈ ਦਹਾਕਿਆਂ ਦੀ ਗੱਠਜੋੜ ਸਿਆਸਤ ਤੋਂ ਬਾਅਦ 2014 ’ਚ ਕੇਂਦਰ ’ਚ ਸਥਿਰਤਾ ਕਾਇਮ ਹੋਈ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਉਹ ਅਜਿਹੀ ਕੈਬਨਿਟ ਦੀ ਅਗਵਾਈ ਕਰ ਰਹੇ ਸਨ ਜਿਸ ’ਚ ਹਰੇਕ ਮੰਤਰੀ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਸਮਝਦਾ ਸੀ। ਸ਼ਾਹ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸਰਜੀਕਲ ਅਤੇ ਹਵਾਈ ਹਮਲੇ ਕਰਕੇ ਪਹਿਲੀ ਵਾਰ ਰੱਖਿਆ ਨੀਤੀ ਨੂੰ ਵਿਦੇਸ਼ ਨੀਤੀ ਦੇ ਪਰਛਾਵੇਂ ਤੋਂ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ ਪਹਿਲਾਂ ਅਤਿਵਾਦੀ ਜਵਾਨਾਂ ਨੂੰ ਮਾਰ ਜਾਂਦੇ ਸਨ ਅਤੇ ਕੋਈ ਬਦਲਾ ਨਹੀਂ ਲਿਆ ਜਾਂਦਾ ਸੀ ਪਰ ਜਦੋਂ ਉਨ੍ਹਾਂ ਦੀ ਸਰਕਾਰ ਨੇ ‘ਘਰ ’ਚ ਦਾਖ਼ਲ ਹੋ ਕੇ’ ਮਾਰਿਆ ਤਾਂ ਪੂਰੀ ਦੁਨੀਆ ਹੈਰਾਨ ਰਹਿ ਗਈ ਸੀ। -ਪੀਟੀਆਈ