ਸ੍ਰੀਨਗਰ, 22 ਅਗਸਤ
ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਦੀ ਵੋਟਰ ਸੂਚੀ ਵਿੱਚ ‘ਗੈਰ-ਸਥਾਨਕ’ ਲੋਕਾਂ ਨੂੰ ਸ਼ਾਮਲ ਕਰਨ ਦਾ ਕੋਈ ਵੀ ਫ਼ੈਸਲਾ ਮਨਜ਼ੂਰ ਨਹੀਂ ਹੈ ਅਤੇ ਅਦਾਲਤ ਸਣੇ ਸਾਰੇ ਤਰੀਕਿਆਂ ਨਾਲ ਇਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਜਾਵੇਗੀ। ਉਨ੍ਹਾਂ ਇਹ ਚਿਤਾਵਨੀ ਇਸੇ ਮੁੱਦੇ ’ਤੇ ਨੌਂ ਪਾਰਟੀਆਂ ਦੀ ਮੀਟਿੰਗ ਤੋਂ ਬਾਅਦ ਦਿੱਤੀ। ਸ੍ਰੀ ਅਬਦੁੱਲਾ ਨੇ ਕਿਹਾ ਕਿ ਉਹ ‘ਬਾਹਰੀ’ ਲੋਕਾਂ ਨੂੰ ਵੋਟ ਦਾ ਅਧਿਕਾਰ ਦੇਣ ਦੇ ਫ਼ੈਸਲੇ ਦਾ ਵਿਰੋਧ ਕਰਨ ਲਈ ਇੱਕਜੁਟ ਹਨ ਕਿਉਂਕਿ ਇਹ ਜੰਮੂ ਕਸ਼ਮੀਰ ਦੀ ਪਛਾਣ ਖੋਹ ਲਵੇਗਾ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ‘‘ਸੂਬੇ ਦੀ ਪਛਾਣ ਲਗਪਗ ਖ਼ਤਮ ਹੋ ਜਾਵੇਗੀ। ਡੋਗਰੇ, ਕਸ਼ਮੀਰੀ, ਪਹਾੜੀ, ਗੁੱਜਰ ਜਾਂ ਸਿੱਖ ਜਿਹੜੇ ਵੀ ਇੱਥੇ ਰਹਿੰਦੇ ਹਨ ਆਪਣੀ ਪਛਾਣ ਗੁਆ ਦੇਣਗੇ। ਵਿਧਾਨ ਸਭਾ ਬਾਹਰੀ ਲੋਕਾਂ ਦੇ ਹੱਥਾਂ ਵਿੱਚ ਹੋਵੇਗੀ…ਅਸੀਂ ਸਾਰੇ ਇਸ ਦਾ ਵਿਰੋਧ ਕਰਦੇ ਹਾਂ ਅਤੇ ਅਸੀਂ ਇਸ ਨੂੰ ਮੰਨਣ ਲਈ ਤਿਆਰ ਨਹੀਂ ਹਾਂ।’’ ਸ੍ਰੀ ਅਬਦੁੱਲਾ ਵੱਲੋਂ ਸੱਦੀ ਗਈ ਇਸ ਮੀਟਿੰਗ ਵਿੱਚ ਕਾਂਗਰਸ, ਆਵਾਮੀ ਨੈਸ਼ਨਲ ਕਾਨਫ਼ਰੰਸ, ਸ਼ਿਵ ਸੈਨਾ, ਸੀਪੀਆਈ, ਸੀਪੀਆਈ (ਐੱਮ), ਜੇਡੀਯੂ ਅਤੇ ਅਕਾਲੀ ਦਲ ਮਾਨ ਦੇ ਆਗੂ ਸ਼ਾਮਲ ਹੋਏ। ਹਾਲਾਂਕਿ, ਸੱਜਾਦ ਲੋਨ ਦੀ ਅਗਵਾਈ ਵਾਲੀ ਪੀਪਲਜ਼ ਕਾਨਫਰੰਸ ਅਤੇ ਅਲਤਾਫ ਬੁਖਾਰੀ ਦੀ ਅਗਵਾਈ ਵਾਲੀ ‘ਆਪਣੀ ਪਾਰਟੀ’ ਮੀਟਿੰਗ ਤੋਂ ਦੂਰ ਰਹੇ। ਅਬਦੁੱਲਾ ਨੇ ਸੋਧੀ ਹੋਈ ਵੋਟਰ ਸੂਚੀ ਵਿੱਚ ਵੋਟਰਾਂ ਨੂੰ ਸ਼ਾਮਲ ਕਰਨ ਸਬੰਧੀ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਹਿਰਦੇਸ਼ ਕੁਮਾਰ ਦੀ ਟਿੱਪਣੀ ਤੋਂ ਬਾਅਦ ਇਹ ਮੀਟਿੰਗ ਸੱਦੀ ਸੀ। ਹਿਰਦੇਸ਼ ਕੁਮਾਰ ਨੇ ਟਿੱਪਣੀ ਕੀਤੀ ਸੀ ਕਿ ਜੰਮੂ ਕਸ਼ਮੀਰ ਦੇ ਵੋਟਰਾਂ ਦੀ ਗਿਣਤੀ ਵਿੱਚ 25 ਲੱਖ ਤੱਕ ਵਾਧਾ ਹੋ ਸਕਦਾ ਹੈ ਅਤੇ ਕੋਈ ਵੀ ਆਮ ਤੌਰ ’ਤੇ ਜੰਮੂ ਕਸ਼ਮੀਰ ਵਿੱਚ ਰਹਿਣ ਵਾਲਾ ਭਾਰਤੀ ਨਾਗਰਿਕ ਜਨਪ੍ਰਤੀਨਿਧ ਕਾਨੂੰਨ ਤਹਿਤ ਇੱਥੋਂ ਦੀ ਵੋਟਰ ਸੂਚੀ ਵਿੱਚ ਨਾਂ ਦਰਜ ਕਰਵਾ ਸਕਦਾ ਹੈ। ਸਰਕਾਰ ਨੇ ਹਾਲਾਂਕਿ, ਸ਼ਨਿਚਰਵਾਰ ਨੂੰ ਇਕ ਸਪੱਸ਼ਟੀਕਰਨ ਜਾਰੀ ਕਰ ਕੇ ਕਿਹਾ ਸੀ ਕਿ ਵੋਟਰ ਸੂਚੀ ਵਿੱਚ ਵਾਧਾ ਉਨ੍ਹਾਂ ਲੋਕਾਂ ਕਰ ਕੇ ਹੋਵੇਗਾ ਜੋ ਪਹਿਲੀ ਅਕਤੂਬਰ 2022 ਤੱਕ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਣਗੇ। -ਪੀਟੀਆਈ
ਗੁਮਰਾਹਕੁਨ ਪ੍ਰਚਾਰ ਰਾਹੀਂ ਲੋਕਾਂ ਦੇ ਮਨਾਂ ’ਚ ਜ਼ਹਿਰ ਘੋਲ ਰਹੀਆਂ ਨੇ ਵਿਰੋਧੀ ਪਾਰਟੀਆਂ: ਭਾਜਪਾ
ਜੰਮੂ: ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਨੈਸ਼ਨਲ ਕਾਨਫ਼ਰੰਸ, ਪੀਡੀਪੀ ਅਤੇ ਹੋਰ ਪਾਰਟੀਆਂ ’ਤੇ ਦੋਸ਼ ਲਗਾਇਆ ਕਿ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸੋਧੀ ਵੋਟਰ ਸੂਚੀ ਵਿੱਚ ‘ਗੈਰ ਸਥਾਨਕ ਵੋਟਰਾਂ ਨੂੰ ਸ਼ਾਮਲ ਕਰਨ’ ਦੇ ਮੁੱਦੇ ’ਤੇ ਗੁੰਮਰਾਹਕੁਨ ਪ੍ਰਚਾਰ ਕਰ ਕੇ ਲੋਕਾਂ ਦੇ ਮਨਾਂ ਵਿੱਚ ਜ਼ਹਿਰ ਘੋਲ ਰਹੀਆਂ ਹਨ। ਮੀਡੀਆ ਨਾਲ ਗੱਲਬਾਤ ਦੌਰਾਨ ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਰਵਿੰਦਰ ਰੈਨਾ ਨੇ ਕਿਹਾ ਕਿ ਸਥਾਨਕ ਅਤੇ ਗੈਰ-ਸਥਾਨਕ ਲੋਕਾਂ ਦਾ ਸਵਾਲ ਹੀ ਨਹੀਂ ਹੈ ਕਿਉਂਕਿ ਸੰਵਿਧਾਨ ਨੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ। ਅਬਦੁੱਲਾ ਵੱਲੋਂ ਸ੍ਰੀਨਗਰ ਵਿੱਚ ਕੀਤੀ ਗਈ ਮੀਟਿੰਗ ਦੇ ਸਬੰਧ ਵਿੱਚ ‘ਜਵਾਬੀ ਰਣਨੀਤੀ’ ਤੈਅ ਕਰਨ ਲਈ ਸੀਨੀਅਰ ਭਾਜਪਾ ਆਗੂਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਰੈਨਾ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। -ਪੀਟੀਆਈ