ਨਵੀਂ ਦਿੱਲੀ, 9 ਜੁਲਾਈ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਭਰੋਸਾ ਜਤਾਇਆ ਕਿ ਉਹ ਆਪਣਾ ਕਾਰਜਕਾਲ ਪੂਰਾ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨਾਲ ਗੱਠਜੋੜ ਕਰ ਕੇ ਉਹ ਅਗਲੀ ਚੋਣ ਵੀ ਜਿੱਤਣਗੇ। ਉਪ ਮੁੱਖ ਮੰਤਰੀ ਤੇ ਭਾਜਪਾ ਆਗੂ ਦੇਵੇਂਦਰ ਫੜਨਵੀਸ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼ਿਵ ਸੈਨਾ ਆਗੂ ਨੇ ਕਿਹਾ ਕਿ ਮੰਤਰੀ ਮੰਡਲ ਦੇ ਵਿਸਤਾਰ ਬਾਰੇ ਫ਼ੈਸਲਾ ਅਗਲੇ ਹਫ਼ਤੇ ਮੁੰਬਈ ਵਿਚ ਲਿਆ ਜਾਵੇਗਾ। ਸ਼ੁੱਕਰਵਾਰ ਰਾਤ ਦਿੱਲੀ ਪਹੁੰਚੇ ਸ਼ਿੰਦੇ ਤੇ ਫੜਨਵੀਸ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੱਤਾ ਦੀ ਵੰਡ ਦੇ ਵੱਖ-ਵੱਖ ਪਹਿਲੂਆਂ ਉਤੇ ਲੰਮੀ ਤੇ ਵਿਆਪਕ ਵਿਚਾਰ-ਚਰਚਾ ਕੀਤੀ। ਸੂਤਰਾਂ ਮੁਤਾਬਕ ਤਾਕਤਾਂ ਦੀ ਵੰਡ ਬਾਰੇ ਭਾਜਪਾ ਅਤੇ ਸ਼ਿੰਦੇ ਦੀ ਅਗਵਾਈ ਵਾਲੇ ਧੜੇ ਵਿਚ ਸਹਿਮਤੀ ਬਣ ਗਈ ਹੈ। ਇਸ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਸ਼ਿੰਦੇ ਨੇ ਕਿਹਾ ਕਿ ਉਹ ਰਾਜ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਦੇ ਨਜ਼ਰੀਏ ਨੂੰ ਸਮਝਣ ਦਾ ਪੂਰਾ ਯਤਨ ਕਰਨਗੇ। ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੁੰਬਈ ਤੇ ਨਾਗਪੁਰ ਨੂੰ ਜੋੜਨ ਵਾਲੇ ਐਕਸਪ੍ਰੈੱਸਵੇਅ ਸਣੇ ਮੈਟਰੋ ਰੇਲਾਂ ਅਤੇ ਸਿੰਜਾਈ ਨਾਲ ਜੁੜੇ ਕਈ ਪ੍ਰਾਜੈਕਟ ਹਨ ਜਿਨ੍ਹਾਂ ਨੂੰ ਸਿਰੇ ਚੜ੍ਹਾਇਆ ਜਾਣਾ ਹੈ।
ਇੱਥੇ ਮੀਡੀਆ ਕਾਨਫ਼ਰੰਸ ਵਿਚ ਫੜਨਵੀਸ ਨੂੰ ਜਦ ਪੁੱਛਿਆ ਗਿਆ ਕਿ ਭਾਜਪਾ ਦਾ ਕੇਡਰ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਮਿਲਣ ’ਤੇ ਨਿਰਾਸ਼ ਹੈ ਤਾਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਉਲਟ ਭਾਜਪਾ ਵਰਕਰ ਖ਼ੁਸ਼ ਹਨ। -ਪੀਟੀਆਈ