ਜੰਮੂ, 29 ਨਵੰਬਰ
ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਧਾਰਾ 370 ਨੂੰ ਲੈ ਕੇ ਧਾਰੀ ਚੁੱਪੀ ਲਈ ਕਾਂਗਰਸ ਪਾਰਟੀ ਨੂੰ ਲੰਮੇ ਹੱਥੀਂ ਲੈਂਦਿਆਂ ਅੱਜ ਕਿਹਾ ਕਿ ਜੇਕਰ ਸਦੀ ਪੁਰਾਣੀ ਪਾਰਟੀ ਇਹ ਲੜਾਈ ਲੜਨ ਲਈ ਤਿਆਰ ਨਹੀਂ ਹੈ ਤਾਂ ਉਨ੍ਹਾਂ ਦੀ ਪਾਰਟੀ (ਐੱਨਸੀ) ਇਸ ਲੜਾਈ ਨੂੰ ਇਕੱਲਿਆਂ ਆਪਣੇ ਦਮ ’ਤੇ ਜਾਰੀ ਰੱਖੇਗੀ। ਉਮਰ ਨੇ ਕਿਹਾ ਕਿ ਧਾਰਾ 370 ਦੀ ਬਹਾਲੀ ਨਾਲ ਸਬੰਧਤ ਕੇਸ ਬਹੁਤ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਜੰਮੂ ਤੇ ਕਸ਼ਮੀਰ ਦਾ ਭਵਿੱਖ ਸੰਵਿਧਾਨ ਤਹਿਤ ਮਿਲੇ ਵਿਸ਼ੇਸ਼ ਰੁਤਬੇ ਨਾਲ ਜੁੜਿਆ ਹੋਇਆ ਹੈ। ਸਾਬਕਾ ਮੁੱਖ ਮੰਤਰੀ ਨੇ ਭਾਜਪਾ ’ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ‘ਜਮਹੂਰੀਅਤ ਦੇ ਕਤਲ’ ਦਾ ਦੋਸ਼ ਵੀ ਲਾਇਆ। ਇਥੇ ਕਿਸ਼ਤਵਾੜ ਕਸਬੇ ਵਿੱਚ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਬਦੁੱਲਾ ਨੇ ਕਿਹਾ, ‘‘ਧਾਰਾ 370 ਦੀ ਬਹਾਲੀ ਲਈ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਸਾਡਾ ਕੇਸ ਕਾਫ਼ੀ ਮਜ਼ਬੂਤ ਹੈ…ਸਾਨੂੰ ਵਿਰੋਧੀ ਪਾਰਟੀਆਂ ਤੋਂ ਹਮਾਇਤ ਦੀ ਉਮੀਦ ਸੀ, ਪਰ ਉਹ ਖਾਮੋਸ਼ ਹਨ। ਸਾਡੀ ਹੋਂਦ ਇਸ ਧਾਰਾ ਨਾਲ ਜੁੜੀ ਹੋਈ ਹੈ।’’ ਉਮਰ ਨੇ ਕਿਹਾ ਕਿ ਨਿਸ਼ਾਨਾ ਬਣਾ ਕੇ ਕੀਤੀਆਂ ਹੱਤਿਆਵਾਂ ਤੋਂ ਕੇਂਦਰ ਸਰਕਾਰ ਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਦੀ ‘ਮੁਕੰਮਲ ਨਾਕਾਮੀ’ ਝਲਕਦੀ ਹੈ। ਉਮਰ ਇਸ ਵੇਲੇ ਚੇਨਾਬ ਵਾਦੀ ਖੇਤਰ ਦੇ ਦੌਰੇ ’ਤੇ ਹਨ। -ਪੀਟੀਆਈ
ਮਿੱਥ ਕੇ ਹੱਤਿਆਵਾਂ ਬੰਦ ਹੋਣ ਮਗਰੋਂ ਸੂਬੇ ਦਾ ਰੁਤਬਾ ਬਹਾਲ ਕਰਾਂਗੇ: ਭਾਜਪਾ
ਜੰਮੂ/ਸ੍ਰੀਨਗਰ: ਜੰਮੂ ਤੇ ਕਸ਼ਮੀਰ ਭਾਜਪਾ ਦੇ ਜਨਰਲ ਸਕੱਤਰ ਅਸ਼ੋਕ ਕੌਲ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਦਾ ਰਾਜ ਵਾਲਾ ਰੁਤਬਾ ਬਹਾਲ ਕਰ ਦਿੱਤਾ ਜਾਵੇਗਾ ਪਰ ਪਹਿਲਾਂ ਆਮ ਲੋਕਾਂ ਦੀ ਮਿੱਥ ਕੇ ਕੀਤੀਆਂ ਜਾਂਦੀਆਂ ਹੱਤਿਆਵਾਂ ਦਾ ਅਮਲ ਬੰਦ ਹੋਵੇ ਤੇ ਆਮ ਲੋਕ ਬੇਖੌਫ਼ ਹੋ ਕੇ ਇਧਰ ਉਧਰ ਘੁੰਮ ਸਕਣ।