ਸ਼ਿਮਲਾ, 14 ਅਕਤੂਬਰ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਹਿਮਾਚਲ ਪ੍ਰਦੇਸ਼ ਦੀ ਸੱਤਾ ਵਿੱਚ ਆਈ ਤਾਂ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ। ਏਆਈਸੀਸੀ ਦੀ ਜਨਰਲ ਸਕੱਤਰ ਵਾਡਰਾ ਨੇ ਇਹ ਵਾਅਦਾ ਅੱਜ ਇਥੇ ਸੋਲਨ ਵਿੱਚ ‘ਪਰਿਵਰਤਨ ਪ੍ਰਤਿੱਗਿਆ ਰੈਲੀ’ ਨੂੰ ਸੰਬੋਧਨ ਕਰਦਿਆਂ ਕੀਤਾ। ਪ੍ਰਿਯੰਕਾ ਨੇ ਸਥਾਨਕ ਸ਼ੂਲਿਨੀ ਮੰਦਰ ਵਿੱਚ ਮੱਥਾ ਵੀ ਟੇਕਿਆ।
ਪ੍ਰਿਯੰਕਾ ਨੇ ਕਿਹਾ ਕਿ ਕਾਂਗਰਸ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਸਰਕਾਰ ਬਣਾਉਂਦੇ ਹੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਕ ਲੱਖ ਨੌਕਰੀਆਂ ਦੇਣ ਦੇ ਫ਼ੈਸਲੇ ਕੀਤੇ ਜਾਣਗੇ। ਇਸ ਤੋਂ ਪਹਿਲਾਂ ਕਾਂਗਰਸ ਆਗੂ ਨੇ ਸੋਲਨ ਦੇ ਮਾਂ ਸ਼ੂਲਿਨੀ ਮੰਦਰ ਵਿੱਚ ਮੱਥਾ ਟੇਕ ਕੇ ਪਹਾੜੀ ਰਾਜ ਵਿੱਚ ਕਾਂਗਰਸ ਦੀ ਚੋਣ ਪ੍ਰਚਾਰ ਮੁਹਿੰਮ ਦਾ ਰਸਮੀ ਆਗਾਜ਼ ਕੀਤਾ। ਪ੍ਰਿਯੰਕਾ ਨੇ ਇਸ ਮੌਕੇ ਪਾਰਟੀ ਦਾ ਚੋਣ ਥੀਮ ਗੀਤ ਵੀ ਰਿਲੀਜ਼ ਕੀਤਾ। ਰੈਲੀ ਨੂੰ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਹਿਮਾਚਲ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ, ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਮੁਕੇਸ਼ ਅਗਨੀਹੋਤਰੀ, ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਪਰਸਨ ਸੁਖਵਿੰਦਰ ਸੁੱਖੂ ਤੇ ਸੀਨੀਅਰ ਆਗੂ ਰਾਜੀਵ ਸ਼ੁਕਲਾ ਨੇ ਵੀ ਸੰਬੋਧਨ ਕੀਤਾ। ਕਾਂਗਰਸ ਨੇ ਇਹ ਰੈਲੀ ਅਜਿਹੇ ਮੌਕੇ ਕੀਤੀ ਹੈ ਜਦੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਊਨਾ ਤੇ ਚੰਬਾ ਵਿੱਚ ਉਪਰੋਥੱਲੀ ਦੋ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਸੀ। ਸ੍ਰੀ ਮੋਦੀ ਨੇ ਦੇਸ਼ ਦੀ ਚੌਥੀ ਵੰਦੇ ਭਾਰਤ ਐਕਸਪ੍ਰੈੱਸ ਗੱਡੀ ਨੂੰ ਊਨਾ ਤੋਂ ਹਰੀ ਝੰਡੀ ਦੇਣ ਸਣੇ ਹੋਰ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। -ਪੀਟੀਆਈ
ਹਿਮਾਚਲ ਚੋਣਾਂ ਵਿੱਚ ਬਹੁਮਤ ਹਾਸਲ ਕਰਨ ਦਾ ਪੂਰਾ ਭਰੋਸਾ: ‘ਆਪ’
ਨਵੀਂ ਦਿੱਲੀ: ਚੋਣ ਕਮਿਸ਼ਨ ਵੱਲੋਂ ਪਹਾੜੀ ਰਾਜ ਲਈ ਚੋਣਾਂ ਦਾ ਪ੍ਰੋਗਰਾਮ ਐਲਾਨੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਅੱਜ ਕਿਹਾ ਕਿ ਉਹ ਹਿਮਾਚਲ ਪ੍ਰਦੇਸ਼ ਚੋਣਾਂ ਲਈ ਤਿਆਰ ਹੈ ਅਤੇ ਉਸ ਨੂੰ ਪੂਰਾ ਭਰੋਸਾ ਹੈ ਕਿ ਉਹ ਲੋਕਾਂ ਦਾ ਬਹੁਮਤ ਹਾਸਲ ਕਰੇਗੀ। ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ‘ਆਪ’ ਆਗੂ ਦੁਰਗੇਸ਼ ਪਾਠਕ ਕੋਲੋਂ ਚੋਣਾਂ ਦੇ ਐਲਾਨ ਸਬੰਧੀ ਉਨ੍ਹਾਂ ਦੀ ਪਾਰਟੀ ਦੀ ਪ੍ਰਤੀਕਿਰਿਆ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘‘ਅਸੀਂ ਚੋਣਾਂ ਲਈ ਤਿਆਰ ਹਾਂ।’’ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਹਿਮਾਚਲ ਪ੍ਰਦੇਸ਼ ਦੇ ਹਰੇਕ ਪਿੰਡ ਵਿੱਚ ਟੀਮਾਂ ਬਣਾਈਆਂ ਗਈਆਂ ਹਨ ਤੇ ਇਹ ਟੀਮਾਂ ਲੋਕਾਂ ਤੱਕ ਪਹੁੰਚ ਕਰਨ ਲਈ ਸਖਤ ਮਿਹਨਤ ਕਰ ਰਹੀਆਂ ਹਨ ਅਤੇ ‘ਆਪ’ ਦਾ ਸੁਨੇਹਾ ਵੋਟਰਾਂ ਤੱਕ ਪਹੁੰਚਾ ਰਹੀਆਂ ਹਨ। ਪਾਠਕ ਦਿੱਲੀ ਦੇ ਰਾਜਿੰਦਰ ਨਗਰ ਤੋਂ ਵਿਧਾਇਕ ਹਨ ਅਤੇ ‘ਆਪ’ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਵੀ ਹਨ। ਸ੍ਰੀ ਪਾਠਕ ਨੇ ਕਿਹਾ, ‘‘ਮੈਨੂੰ ਪੂਰਾ ਭਰੋਸਾ ਹੈ ਕਿ ਲੋਕ ਕੇਜਰੀਵਾਲ ਦੇ ਕੰਮਾਂ ਨੂੰ ਦੇਖਣ ਤੋਂ ਬਾਅਦ ਇਸ ਵਾਰ ‘ਆਪ’ ਨੂੰ ਇਕ ਮੌਕਾ ਜ਼ਰੂਰ ਦੇਣਗੇ।’’ -ਪੀਟੀਆਈ