ਨਵੀਂ ਦਿੱਲੀ, 23 ਅਪਰੈਲ
ਭਾਰਤ ਦੇ ਦੋ ਰੋਜ਼ਾ ਦੌਰੇ ਦੇ ਮੱਦੇਨਜ਼ਰ ਯੂਰੋਪੀ ਯੂਨੀਅਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਯਨ ਨੇ ਅੱਜ ਕਿਹਾ ਕਿ ਭਾਰਤ ਅਤੇ 27 ਮੁਲਕਾਂ ਦੀ ਸ਼ਮੂਲੀਅਤ ਵਾਲੀ ਯੂਰੋਪੀ ਯੂਨੀਅਨ ਦੋਵੇਂ ਆਪਣੇ ਰਿਸ਼ਤਿਆਂ ਨੂੰ ਨਵੇਂ ਮੁਕਾਮ ’ਤੇ ਲਿਜਾਣਾ ਚਾਹੁੰਦੇ ਹਨ। ਇਸੇ ਦੌਰਾਨ ਵਿਦੇਸ਼ ਮੰਤਰੀ ਜੈਸ਼ੰਕਰ ਨੇ ਯੂਰੋਪੀ ਯੂਨੀਅਨ ਦੇ ਪ੍ਰਧਾਨ ਦੀ ਕੈਬਨਿਟ ਦੇ ਮੁਖੀ ਬਿਓਰਨ ਸਾਇਬਰਟ ਨਾਲ ਮੁਲਾਕਾਤ ਕੀਤੀ। ਲੇਯਨ ਭਲਕੇ 24 ਅਪਰੈਲ ਨੂੰ ਭਾਰਤ ਦੌਰੇ ’ਤੇ ਆਉਣਗੇ ਤੇ ਇਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਦੋਵਾਂ ਧਿਰਾਂ ਵਿਚਾਲੇ ਕਾਰੋਬਾਰ, ਊਰਜਾ, ਵਾਤਾਵਰਨ ਤਬਦੀਲੀ ਤੇ ਸੁਰੱਖਿਆ ਦੇ ਮੁੱਦਿਆਂ ’ਤੇ ਚਰਚਾ ਕਰਨਗੇ। ਇਸ ਮੁਲਾਕਾਤ ਦੌਰਾਨ ਰੂਸ-ਯੂਕਰੇਨ ਜੰਗ ਦੇ ਨਾਲ-ਨਾਲ ਹਿੰਦਾ-ਪ੍ਰਸ਼ਾਂਤ ਖੇਤਰ ’ਚ ਭਾਰਤ ਤੇ ਯੂਰੋਪੀ ਯੂਨੀਅਨ ਦੇ ਸਹਿਯੋਗ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ। ਲੇਯਨ ਨੇ ਟਵੀਟ ਕੀਤਾ, ‘ਯੂਰੋਪੀ ਯੂਨੀਅਨ-ਭਾਰਤ ਵਿਚਾਲੇ ਰਿਸ਼ਤਿਆਂ ਦੇ 60 ਸਾਲ ਪੂਰੇ ਹੋਣ ਮੌਕੇ ਮੈਂ ਦਿੱਲੀ ਲਈ ਚੱਲ ਪਈ ਹਾਂ। ਇਨ੍ਹਾਂ 60 ਸਾਲਾਂ ਦੌਰਾਨ ਸਾਡੀ ਦੋਸਤੀ ਮਜ਼ਬੂਤ ਹੋਈ ਹੈ ਤੇ ਹੁਣ ਅਸੀਂ ਦੋਵੇਂ ਇਸ ਸਹਿਯੋਗ ਨੂੰ ਨਵੇਂ ਮੁਕਾਮ ਤੱਕ ਲਿਜਾਣਾ ਚਾਹੁੰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਲਈ ਉਤਸ਼ਾਹਿਤ ਹਾਂ।’ -ਪੀਟੀਆਈ