ਨਵੀਂ ਦਿੱਲੀ, 8 ਜੂਨ
ਅਦਾਕਾਰਾ ਤੋਂ ਸਿਆਸੀ ਆਗੂ ਬਣੀ ਕੰਗਨਾ ਰਣੌਤ ਨੇ ਅੱਜ ਉਨ੍ਹਾਂ ਲੋਕਾਂ ਦੀ ਆਲੋਚਨਾ ਕੀਤੀ ਜੋ ਉਸ ਸੀਆਈਐੱਸਐੱਫ ਮਹਿਲਾ ਕਾਂਸਟੇਬਲ ਦੀ ਸ਼ਲਾਘਾ ਕਰ ਰਹੇ ਹਨ ਜਿਸ ਨੇ ਕਥਿਤ ਤੌਰ ’ਤੇ ਉਸ ਨੂੰ ਥੱਪੜ ਮਾਰਿਆ ਸੀ। ਉਸ ਨੇ ਪੁੱਛਿਆ ਕਿ ਕੀ ਉਹ ‘ਜਬਰ-ਜਨਾਹ ਜਾਂ ਹੱਤਿਆ’ ਨੂੰ ਵੀ ਸਹੀ ਠਹਿਰਾਉਂਦੇ ਹਨ। ਕੰਗਨਾ (37) ਨੇ ਐਕਸ ’ਤੇ ਕਿਹਾ, ‘ਕੀ ਤੁਸੀਂ ਅਪਰਾਧੀਆਂ ਨਾਲ ਮਿਲ ਕੇ ਦੇਸ਼ ਦੇ ਸਾਰੇ ਕਾਨੂੰਨਾਂ ਦੀ ਉਲੰਘਣਾ ਕਰਦਿਆਂ ਅਪਰਾਧ ਕਰਨ ਲਈ ਭਾਵਨਾਤਮਕ ਵਹਾਅ ਨਾਲ ਜੁੜੇ ਹੋੋਏ ਹੋ।’ ਉਨ੍ਹਾਂ ਕਿਹਾ, ‘ਯਾਦ ਰੱਖੋ ਕਿ ਜੇ ਤੁਸੀਂ ਕਿਸੇ ਦੀ ਨਿੱਜਤਾ ਭੰਗ ਕਰਨ, ਉਸ ਦੀ ਇਜਾਜ਼ਤ ਬਿਨਾਂ ਉਸ ਦੇ ਸਰੀਰ ਨੂੰ ਛੂਹਣ ਅਤੇ ਉਨ੍ਹਾਂ ’ਤੇ ਹਮਲਾ ਕਰਨ ਨਾਲ ਸਹਿਮਤ ਹੋ ਤਾਂ ਕਿਤੇ ਨਾ ਕਿਤੇ ਤੁਸੀਂ ਜਬਰ ਜਨਾਹ ਜਾਂ ਹੱਤਿਆ ਨਾਲ ਵੀ ਸਹਿਮਤ ਹੋ ਕਿਉਂਕਿ ਉਹ ਵੀ ਸਿਰਫ਼ ਧੱਕੇਸ਼ਾਹੀ ਜਾਂ ਛੁਰਾ ਮਾਰਨਾ ਹੀ ਹੈ। ਇਸ ’ਚ ਕਿਹੜੀ ਵੱਡੀ ਗੱਲ ਹੈ। ਤੁਹਾਨੂੰ ਆਪਣੀਆਂ ਮਨੋਵਿਗਿਆਨਕ ਅਪਰਾਧਿਕ ਪ੍ਰਵਿਰਤੀਆਂ ਦੀ ਜਾਂਚ ਕਰਾਉਣੀ ਚਾਹੀਦੀ ਹੈ।’ -ਪੀਟੀਆਈ
ਸ਼ਬਾਨਾ ਆਜ਼ਮੀ ਨੇ ਥੱਪੜ ਮਾਰਨ ’ਤੇ ਜਤਾਇਆ ਇਤਰਾਜ਼
ਮੁੰਬਈ: ਫਿਲਮ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਅੱਜ ਕਿਹਾ ਕਿ ਸੁਰੱਖਿਆ ਅਧਿਕਾਰੀਆਂ ਨੂੰ ਕਾਨੂੰਨ ਆਪਣੇ ਹੱਥ ’ਚ ਨਹੀਂ ਲੈਣਾ ਚਾਹੀਦਾ। ਸ਼ਬਾਨਾ ਆਜ਼ਮੀ ਨੇ ਐਕਸ ’ਤੇ ਲਿਖਿਆ, ‘ਮੈਨੂੰ ਕੰਗਨਾ ਨਾਲ ਕੋਈ ਲਗਾਓ ਨਹੀਂ ਹੈ ਪਰ ਮੈਂ ‘ਥੱਪੜ’ ਦਾ ਜਸ਼ਨ ਮਨਾਉਣ ਵਾਲੇ ਸਮੂਹ ’ਚ ਖੁਦ ਨੂੰ ਸ਼ਾਮਲ ਨਹੀਂ ਕਰ ਸਕਦੀ। ਜੇ ਸੁਰੱਖਿਆ ਕਰਮੀ ਕਾਨੂੰਨ ਆਪਣੇ ਹੱਥ ’ਚ ਲੈਣਾ ਸ਼ੁਰੂ ਕਰ ਦੇਣਗੇ ਤਾਂ ਸਾਡੇ ’ਚੋਂ ਕੋਈ ਵੀ ਸੁਰੱਖਿਅਤ ਨਹੀਂ ਰਹਿ ਸਕਦਾ।’ -ਪੀਟੀਆਈ